The Small Catechism

Printable PDF goes here

ਮਸੀਹੀ ਸੰਸਾਰ ਬਾਰੇ ਛੋਟੀ ਪ੍ਰਸ਼ਨੋਤਰੀ

ਮਾਰਟਿਨ ਲੂਥਰ

ਵਿਸ਼ਾ–ਸੂਚੀ

ਦੋ ਸ਼ਬਦ

ਭੂਮਿਕਾ

I.          ਦਸ ਹੁਕਮ

II.         ਮਸੀਹੀ ਸਿਧਾਂਤ

III.        ਪਰਮੇਸ਼ਵਰ ਦੀ ਪ੍ਰਾਰਥਨਾ

IV.        ਬਪਤਿਸਮਾ

V.         ਗੁਨਾਹ ਦਾ ਇਕਬਾਲ

VI.        ਪਰਮੇਸ਼ਵਰ ਦਾ ਆਖ਼ਰੀ ਖਾਣਾ

ਰੋਜ਼ ਦੀ ਪ੍ਰਾਰਥਨਾ

ਫ਼ਰਜ਼ਾਂ ਦੀ ਸੂਚੀ

ਦੋ ਸ਼ਬਦ

ਹਰੇਕ ਚਰਚ (ਗਿਰਜਾਘਰ), ਹਰੇਕ ਪਾਦਰੀ ਸਾਹਿਬ ਤੇ ਹਰੇਕ ਮਸੀਹੀ ਦੇ ਮਨ ’ਚ ਪ੍ਰਸ਼ਨ ਵੀ ਆਉਂਦੇ ਹਨ ਤੇ ਉਸ ਦੇ ਉੱਤਰ ਵੀ ਲੋੜੀਂਦੇ ਹੁੰਦੇ ਹਨ। ਅਸੀਂ ਜੋ ਯਿਸੂ ਮਸੀਹ ’ਚ ਵਿਸ਼ਵਾਸ ਰੱਖਦੇ ਹਾਂ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਚੀਜ਼ ਵਿੱਚ ਵਿਸ਼ਵਾਸ ਕਰ ਰਹੇ ਹਾਂ ਤੇ ਉਸ ਨੂੰ ਸਪੱਸ਼ਟ ਬਿਆਨ ਕਿਵੇਂ ਕਰਨਾ ਹੈ। ਜਿਵੇਂ ਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਕੁਝ ਪੁੱਛੇ ਸਾਨੂੰ ਸਦਾ ਉਹ ਸਭ ਇੱਕ ਆਸ ਬਾਰੇ ਦੱਸਣ ਲਈ ਤਿਆਰ ਰਹਿਣਾ ਹੋਵੇਗਾ, ਜੋ ਸਾਡੇ ਅੰਦਰ ਹੈ (1 ਪਤਰਸ 3:15)। ਮਾਰਟਿਨ ਲੂਥਰ ਨੇ ਬਹੁਤ ਹੀ ਮਾਹਿਰਾਨਾ ਢੰਗ ਨਾਲ ਮਸੀਹੀ ਸੰਸਾਰ ਬਾਰੇ ਇਹ ਛੋਟੀ ਪ੍ਰਸ਼ਨੋਤਰੀ ਰਚੀ ਹੈ, ਤਾਂ ਜੋ ਪਾਦਰੀ ਸਾਹਿਬਾਨ ਤੋਂ ਲੈ ਕੇ ਨਿੱਕੇ ਬੱਚਿਆਂ ਤੱਕ ਸਾਰੀ ਮਸੀਹੀ ਸੰਗਤ ਨੂੰ ਬੁਨਿਆਦੀ ਮਸੀਹੀ ਸਿੱਖਿਆ ਦਾ ਪ੍ਰਚਾਰ ਤੇ ਪਾਸਾਰ ਹੋਵੇ।

ਦਸ ਹੁਕਮ ਸਾਨੂੰ ਸਿਖਾਉਂਦੇ ਹਨ ਕਿ ਸਾਨੂੰ ਮਸੀਹੀ ਤੌਰ ’ਤੇ ਕਿਵੇਂ ਰਹਿਣਾ ਚਾਹੀਦਾ ਹੈ ਅਤੇ ਉਹ ਸਾਨੂੰ ਆਪਣੀਆਂ ਨਾਕਾਮੀਆਂ ਦਰਸਾਉਂਦੇ ਹਨ, ਉਹ ਸਾਨੂੰ ਦੱਸਦੇ ਹਨ ਕਿ ਸਾਨੂੰ ਆਪਣੇ ਮੁਕਤੀਦਾਤਾ ਯਿਸੂ ਮਸੀਹ ਲਈ ਕੀ–ਕੁਝ ਚਾਹੀਦਾ ਹੈ। ਮਸੀਹੀ ਸਿਧਾਂਤ ਸਾਨੂੰ ਪਿਤਾ–ਪਰਮੇਸ਼ਵਰ, ਪੁੱਤਰ ਤੇ ਪਵਿੱਤਰ ਆਤਮਾ ਬਾਰੇ ਦੱਸਦਾ ਹੈ; ਸਾਨੂੰ ਇਹੋ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਸਭ ਕੁਝ ਪਰਮੇਸ਼ਵਰ ਨੇ ਕੀਤਾ ਹੈ ਤੇ ਲਗਾਤਾਰ ਸਾਡੇ ਲਈ ਕਰਦਾ ਹੈ। ਪਰਮੇਸ਼ਵਰ ਦੀ ਪ੍ਰਾਰਥਨਾ ਸਾਨੂੰ ਸਮਝਾਉਂਦੀ ਹੈ ਕਿ ਪ੍ਰਾਰਥਨਾ ਕਿਵੇਂ ਕਰਨੀ ਹੈ, ਜਿਵੇਂ ਕਿ ਸਾਡੇ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ। ਬਪਤਿਸਮਾ, ਗੁਨਾਹਾਂ ਦਾ ਇਕਬਾਲ ਅਤੇ ਪਰਮੇਸ਼ਵਰ ਦੇ ਆਖ਼ਰੀ ਭੋਜਨ ਬਾਰੇ ਪ੍ਰਸ਼ਨੋਤਰੀ ਦੇ ਹਿੱਸੇ ਸਾਨੂੰ ਸਿਖਾਉਂਦੇ ਹਨ ਕਿ ਉਹ ਪਰਮੇਸ਼ਵਰ ਸਾਨੂੰ ਆਪਣੇ ਮਿਹਰ ਭਰੇ ਤਰੀਕਿਆਂ ਨਾਲ ਸਾਨੂੰ ਕਿਵੇਂ ਮਾਫ਼ ਕਰਦਾ ਹੈ। ਅੰਤ ’ਚ ਮਾਰਟਿਨ ਲੂਥਰ ਦੀਆਂ ਸਵੇਰ ਤੇ ਸ਼ਾਮ ਦੀਆਂ ਪ੍ਰਾਰਥਨਾਵਾਂ ਅਤੇ ਫ਼ਰਜ਼ਾਂ ਦੀ ਤਾਲਿਕਾ, ਜੀਵਨ ਦੇ ਵੱਖੋ–ਵੱਖਰੇ ਮੁਕਾਮਾਂ ਲਈ ਬਾਇਬਲ ਦੀਆਂ ਆਇਤਾਂ ਦਾ ਸੰਕਲਨ ਸਾਨੂੰ ਵਡਮੁੱਲੇ ਢੰਗ ਨਾਲ ਇਹ ਸਿਖਾਉਂਦਾ ਹੈ ਕਿ ਸਾਨੂੰ ਆਪਣਾ ਜੀਵਨ ਕਿਵੇਂ ਬਤੀਤ ਕਰਨਾ ਚਾਹੀਦਾ ਹੈ ਕਿ ਪਰਮੇਸ਼ਵਰ ਖੁਸ਼ ਹੋਵੇ।

ਸਾਨੂੰ ਇਹ ਪ੍ਰਸ਼ਨੋਤਰੀ ਕਿਵੇਂ ਵਰਤਣੀ ਚਾਹੀਦੀ ਹੈ? ਮਾਰਟਿਨ ਲੂਥਰ ਇਹ ਵੀ ਬਹੁਤ ਸਪੱਸ਼ਟ ਢੰਗ ਨਾਲ ਸਮਝਾਉਂਦੇ ਹਨ। ਹਰੇਕ ਪਰਿਵਾਰ ’ਚ, ਪਰਿਵਾਰ ਦੇ ਮੁਖੀ ਨੂੰ ਇਸ ਬਾਰੇ ਆਪਣੀ ਪਤਨੀ, ਬੱਚਿਆਂ ਤੇ ਸੇਵਕਾਂ ਨੂੰ ਸਮਝਾਉਣਾ ਚਾਹੀਦਾ ਹੈ। ਹਰੇਕ ਸੰਗਤ ਵਿੱਚ, ਪਾਦਰੀ ਨੂੰ ਇਸ ਬਾਰੇ ਲੋਕਾਂ ਨੂੰ ਸਿਖਾਉਣਾ ਚਾਹੀਦਾ ਹੈ। ਹਰੇਕ ਨਿਜੀ ਵਿਅਕਤੀ ਨੂੰ ਵੀ ਪਰਮੇਸ਼ਵਰ ਸਾਹਮਣੇ ਇਸ ਪ੍ਰਸ਼ਨੋਤਰੀ ਦੇ ਸ਼ਬਦ ਚੇਤੇ ਕਰ ਲੈਣੇ ਚਾਹੀਦੇ ਹਨ, ਉਨ੍ਹਾਂ ਨੂੰ ਰਟ ਲੈਣਾ ਚਾਹੀਦਾ ਹੈ ਤੇ ਗੁਨਾਹਾਂ ਦਾ ਇਕਬਾਲ ਕਰਨਾ ਚਾਹੀਦਾ ਹੈ। ਭਾਵੇਂ ਇਸ ਛੋਟੀ ਪ੍ਰਸ਼ਨੋਤਰੀ ਦੀਆਂ ਸਿੱਖਿਆਵਾਂ ਬੁਨਿਆਦੀ ਹਨ, ਅਸੀਂ ਇਨ੍ਹਾਂ ਜੀਵਨਦਾਇਕ ਸ਼ਬਦਾਂ ਬਾਰੇ ਅਕਸਰ ਵਾਰ–ਵਾਰ ਵੀ ਚੇਤੇ ਨਹੀਂ ਕਰਵਾ ਸਕਦੇ।

ਮਾਰਟਿਨ ਲੂਥਰ ਨੂੰ ਆਪਣੇ ਖੁਦ ਦੇ ਰੋਜ਼ਮੱਰਾ ਦੇ ਜੀਵਨ ਵਿੱਚ ਵੀ ਬਹੁਤ ਜ਼ਰੂਰਤ ਪੈਂਦੀ ਸੀ ਜਦੋਂ ਉਹ ਆਪ ਸੰਗਤਾਂ ਕੋਲ ਨਿਜੀ ਤੌਰ ’ਤੇ ਮਿਲਣ ਲਈ ਜਾਂਦੇ ਹੁੰਦੇ ਸਨ। ਆਪਣੀ ਭੂਮਿਕਾ ’ਚ, ਉਨ੍ਹਾਂ ਆਪਣੀਆਂ ਇਨ੍ਹਾਂ ਫੇਰੀਆਂ ਵੇਲੇ ਨੋਟ ਕੀਤੀਆਂ ਗੱਲਾਂ ਬਾਰੇ ਲਿਖਿਆ ਹੈ: ‘ਪਿੰਡਾਂ ’ਚ ਰਹਿੰਦੇ ਆਮ ਆਦਮੀ ਨੂੰ ਮਸੀਹੀ ਸਿਧਾਂਤ ਬਾਰੇ ਵਿਵਹਾਰਕ ਤੌਰ ’ਤੇ ਕੋਈ ਜਾਣਕਾਰੀ ਨਹੀਂ ਹੁੰਦੀ ਅਤੇ ਲਗਭਗ ਸਾਰੇ ਹੀ ਪਾਦਰੀ ਸਾਹਿਬਾਨ ਅਜਿਹੀਆਂ ਥਾਂਵਾਂ ’ਤੇ ਕੁਝ ਵੀ ਸਹੀ ਤਰੀਕੇ ਦੱਸਣ ਤੋਂ ਪੂਰੀ ਤਰ੍ਹਾਂ ਅਸਮਰੱਥ ਤੇ ਅਯੋਗ ਹੀ ਹੁੰਦੇ ਹਨ। ਫਿਰ ਵੀ ਸਾਰੇ ਲੋਕਾਂ ਨੂੰ ਮਸੀਹੀ ਮੰਨਿਆ ਜਾਂਦਾ ਹੈ, ਉਨ੍ਹਾਂ ਦਾ ਬਪਤਿਸਮਾ ਵੀ ਹੋਇਆ ਹੈ ਤੇ ਉਹ ਅਸ਼ਾਇ ਰੱਬਾਨੀ ਵੀ ਲੈਂਦੇ ਹਨ; ਭਾਵੇਂ ਉਨ੍ਹਾਂ ਨੂੰ ਪਰਮੇਸ਼ਵਰ ਦੀ ਪ੍ਰਾਰਥਨਾ, ਮਸੀਹੀ ਸਿਧਾਂਤ ਜਾਂ ਦਸ ਹੁਕਮਾਂ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ।’ ਬਿਨਾ ਪ੍ਰਸ਼ਨੋਤਰੀ ਦੇ, ਚਰਚ ਯਕੀਨੀ ਤੌਰ ’ਤੇ ਬਹੁਤ ਮੰਦਭਾਗੀ ਹਾਲਤ ਵਿੱਚ ਪੁੱਜ ਜਾਵੇਗਾ। ਪਰਮੇਸ਼ਵਰ ਨੇ ਇਸ ਲਈ ਮਨ੍ਹਾ ਕੀਤਾ ਹੈ ਕਿ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ!

ਮੈਂ ਇਹ ਗੱਲ ਸੱਚਮੁਚ, ਬਿਨਾ ਵਧਾਏ–ਚੜ੍ਹਾਏ ਤੇ ਬਿਨਾ ਸ਼ੱਕ ਦੇ, ਈਮਾਨਦਾਰੀ ਨਾਲ ਆਖ ਸਕਦਾ ਹਾਂ ਕਿ ਜੇ ਮਾਰਟਿਨ ਲੂਥਰ ਹੁਰਾਂ ਦੀ ਮਸੀਹੀ ਸੰਸਾਰ ਬਾਰੇ ਇਹ ਨਿੱਕੀ ਪ੍ਰਸ਼ਨੋਤਰੀ ਬਾਰੇ ਹੀ ਚੰਗੀ ਤਰ੍ਹਾਂ ਜਾਣ ਲਿਆ ਜਾਵੇ ਤੇ ਸਾਡੀਆਂ ਸੰਗਤਾਂ ਤੇ ਘਰਾਂ ’ਚ ਸਾਡੇ ਪਰਿਵਾਰ ਇਸ ਦੀ ਪਾਲਣਾ ਕਰਨ ਲੱਗ ਪੈਣ; ਤਾਂ ਸਾਨੂੰ ਕਿਤੇ ਕੋਈ ਲੜਾਈ–ਝਗੜਾ, ਈਰਖਾ ਜਾਂ ਵੰਡੀਆਂ ਵਿਖਾਈ ਨਹੀਂ ਦੇਣਗੀਆਂ ਅਤੇ ਸਾਡੇ ਚਰਚ ਯਕੀਨੀ ਤੌਰ ’ਤੇ ਇਸ ਮਾੜੇ ਕੰਮਾਂ ਵਾਲੇ ਜਹਾਨ ਵਿੱਚ ਵੀ ਇੱਕ ਸ਼ਾਨਦਾਰ ਚਾਨਣ–ਮੁਨਾਰੇ ਵਜੋਂ ਚਮਕਣਗੇ, ਸਾਰੇ ਲੋਕ ਇਸ ਦੇ ਨਿੱਘ ਤੇ ਸੁੱਖ ਵੱਲ ਖਿੱਚੇ ਚਲੇ ਜਾਣਗੇ। ਪਿਤਾ–ਪਰਮੇਸ਼ਵਰ ਦੀ ਮਰਜ਼ੀ ਨਾਲ ਅਜਿਹਾ ਚੰਗਾ ਕੰਮ ਸਾਡੇ ਵਿੱਚ ਹੋਵੇ!

ਸਮੂਹ ਮਸੀਹੀ ਸੰਗਤ, ਖਾਸ ਤੌਰ ’ਤੇ ਆਪਣੇ ਸਾਥੀ ਲੂਥਰਨ ਮਸੀਹੀ ਭੈਣਾਂ–ਭਰਾਵਾਂ ਦੇ ਭਲੇ ਲਈ ਮਸੀਹੀ ਸੰਸਾਰ ਬਾਰੇ ਮਾਰਟਿਨ ਲੂਥਰ ਦੀ ਇਸ ਨਿੱਕੀ ਪ੍ਰਸ਼ਨੋਤਰੀ ਦਾ ਇਹ ਸੰਸਕਰਣ ਪ੍ਰਕਾਸ਼ਿਤ ਕਰਦਿਆਂ ਮੈਨੂੰ ਡਾਢੀ ਖੁਸ਼ੀ ਹੋ ਰਹੀ ਹੈ। ਮੈਨੂੰ ਆਸ ਹੈ ਕਿ ਉਹ ਇਸ ਅਨੁਵਾਦ ਨੂੰ ਵਿਸ਼ਵਾਸਪਾਤਰ, ਬੇਹੱਦ ਸਪੱਸ਼ਟ, ਸਮਝਣ ’ਚ ਆਸਾਨ ਪਾਉਣਗੇ ਤੇ ਇਸ ਵਿੱਚੋਂ ਉਨ੍ਹਾਂ ਨੂੰ ਲਗਾਤਾਰ ਗਿਆਨ ਦੀ ਰੌਸ਼ਨੀ ਮਿਲਦੀ ਰਹੇਗੀ। ਯਹੋਵਾ ਸਾਡੇ ਪਰਮੇਸ਼ਵਰ ਦੀ ਮਿਹਰ ਨਾਲ, ਯਿਸੂ ਮਸੀਹ ਦੀ ਰੌਸ਼ਨੀ ਇਸ ਮੌਜੂਦਾ ਜੁੱਗ ਦੇ ਹਨੇਰੇ ’ਚੋਂ ਵੀ ਸਦਾ ਚਮਕਦੀ ਰਹੇ। ਆਓ ਆਪਾਂ ਸਾਰੇ ਪ੍ਰਾਰਥਨਾ ਕਰੀਏ ਕਿ ਅਜਿਹਾ ਹੀ ਹੋਵੇ। ਆਮੀਨ!

ਐਡਵਰਡ ਆਰਥਰ ਨੌਮਨ
ਧਾਰਮਿਕ ਅਧਿਆਪਕ, ਦੱਖਣੀ ਏਸ਼ੀਆ

ਡਾ. ਮਾਰਟਿਨ ਲੂਥਰ
ਦੀ ਭੁਮਿਕਾ

ਮਾਰਟਿਨ ਲੂਥਰ ਦੀ ਦੁਆ ਹੈ ਕਿ ਚਰਚ ਦੇ ਸਮੂਹ ਵਿਸ਼ਵਾਸਪਾਤਰ ਪਾਦਰੀ ਤੇ ਪ੍ਰਚਾਰਕ ਸਾਹਿਬਾਨ ’ਤੇ ਸਾਡੇ ਪਰਮੇਸ਼ਵਰ ਯਿਸੂ ਮਸੀਹ ਦੇ ਨਾਮ ਨਾਲ ਮਿਹਰ, ਦਿਆ ਹੋਵੇ ਤੇ ਤੁਸੀਂ ਸਾਰੇ ਅਮਨ–ਚੈਨ ਨਾਲ ਰਵ੍ਹੋ।

ਪਿੱਛੇ ਜਿਹੇ ਮੈਂ ਜਦੋਂ ਕਈ ਥਾਵਾਂ ’ਤੇ ਦੌਰੇ ਕਰ ਰਿਹਾ ਸਾਂ, ਤਾਂ ਮੈਂ ਵੇਖਿਆ ਕਿ ਹਾਲਤ ਬਹੁਤ ਮੰਦਭਾਗੀ ਤੇ ਨਿਰਾਸ਼ਾਜਨਕ ਹੈ। ਇਸੇ ਲਈ ਮੈਂ ਇਹ ਪ੍ਰਸ਼ਨੋਤਰੀ ਜਾਂ ਮਸੀਹੀ ਸਿਧਾਂਤ ਸੰਖੇਪ ਰੂਪ ਵਿੱਚ ਤਿਆਰ ਕਰ ਕੇ ਇਸ ਨੂੰ ਇਸ ਨਿੱਕੇ, ਸਾਦੇ ਤੇ ਸਰਲ ਰੂਪ ਵਿੱਚ ਪ੍ਰਕਾਸ਼ਿਤ ਕਰਵਾਉਣ ਲਈ ਮਜਬੂਰ ਹੋਇਆ। ਪਿਆਰੇ ਸਰਬਸ਼ਕਤੀਮਾਨ ਪ੍ਰਭੂ ਮੇਰੀ ਮਦਦ ਕਰੋ! ਮੈਂ ਉੱਥੇ ਜੋ ਵੀ ਮਾੜੇ ਹਾਲਾਤ ਵੇਖੇ! ਆਮ ਆਦਮੀ, ਖਾਸ ਕਰਕੇ ਦਿਹਾਤੀ ਇਲਾਕਿਆਂ ’ਚ ਰਹਿਣ ਵਾਲੇ ਵਿਅਕਤੀ ਨੂੰ, ਮਸੀਹੀ ਸਿਧਾਂਤ ਬਾਰੇ ਕੋਈ ਗਿਆਨ ਹੀ ਨਹੀਂ ਹੈ ਅਤੇ ਮੰਦੇਭਾਗੀਂ, ਕਈ ਪਾਦਰੀ ਸਾਹਿਬਾਨ ਵੀ ਉਨ੍ਹਾਂ ਨੂੰ ਸਮਝਾਉਣ ਦੇ ਪੂਰੀ ਤਰ੍ਹਾਂ ਅਯੋਗ ਤੇ ਅਸਮਰੱਥ ਹਨ। ਇਹ ਸਭ ਕੁਝ ਦੱਸਦਿਆਂ ਵੀ ਸ਼ਰਮ ਆਉਂਦੀ ਹੈ। ਫਿਰ ਵੀ, ਉਹ ਸਾਰੇ ਮਸੀਹੀ (ਈਸਾਈ ਜਾਂ ਕ੍ਰਿਸਚੀਅਨ) ਅਖਵਾਉਂਦੇ ਹਨ। ਉਨ੍ਹਾਂ ਨੇ ਬਪਤਿਸਮਾ ਵੀ ਲਿਆ ਹੋਇਆ ਹੈ ਤੇ ਉਹ ਅਸ਼ਾਇ ਰੱਬਾਨੀ ਵੀ ਲੈਂਦੇ ਹਨ; ਭਾਵੇਂ ਉਨ੍ਹਾਂ ਨੂੰ ਉਨ੍ਹਾਂ ਸਭ ਦੇ ਅਰਥ ਪਤਾ ਨਹੀਂ ਹੁੰਦੇ ਅਤੇ ਪਰੇਮਸ਼ਵਰ ਦੀ ਪ੍ਰਾਰਥਨਾ (ਦੁਆ), ਰਸੂਲਾਂ ਦੇ ਸਿਧਾਂਤ ਜਾਂ ਦਸ ਹੁਕਮਾਂ ਬਾਰੇ ਵੀ ਬੋਲ ਨਹੀਂ ਸਕਦੇ। ਸੰਖੇਪ ’ਚ, ਇਹ ਵੀ ਆਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਜੀਵਨ ਜੰਗਲ਼ੀ ਜਾਨਵਰਾਂ ਤੋਂ ਕੋਈ ਬਹੁਤੇ ਵੱਖਰੇ ਨਹੀਂ ਹਨ; ਅਤੇ ਹੁਣ ਪਰਮੇਸ਼ਵਰ ਦਾ ਕਲਾਮ (ਸੁਸਮਾਚਾਰ) ਆ ਗਿਆ ਹੈ, ਉਨ੍ਹਾਂ ਨੇ ਸਾਰੀ ਮਸੀਹੀ ਆਜ਼ਾਦੀ ਨੂੰ ਬੁਰਾ–ਭਲਾ ਆਖਣ ਦੀ ਕਲਾ ’ਤੇ ਮੁਹਾਰਤ ਹਾਸਲ ਕਰ ਲਈ ਹੈ।

ਤੁਸੀਂ ਸਾਰੇ ਬਿਸ਼ਪ ਸਾਹਿਬਾਨ, ਤੁਸੀਂ ਯਿਸੂ ਮਸੀਹ ਸਾਹਮਣੇ ਕੀ ਜਵਾਬ ਦੇਵੋਗੇ ਜੋ ਤੁਸੀਂ ਲੋਕਾਂ ਨੂੰ ਸ਼ਰਮਨਾਕ ਢੰਗ ਨਾਲ ਇੰਨਾ ਅੱਖੋਂ ਪ੍ਰੋਖੇ ਕੀਤਾ, ਉਨ੍ਹਾਂ ਨੂੰ ਐਂਵੇਂ ਇੱਧਰ–ਉੱਧਰ ਘੁੰਮਣ ਦਿੱਤਾ ਅਤੇ ਤੁਸੀਂ ਕਦੇ ਇੱਕ ਛਿਣ ਵੀ ਆਪਣਾ ਉਹ ਫ਼ਰਜ਼ ਨਹੀਂ ਨਿਭਾਇਆ ਜੋ ਪਰਮੇਸ਼ਵਰ ਨੇ ਤੁਹਾਨੂੰ ਸੌਂਪਿਆ ਸੀ ਅਤੇ ਤੁਸੀਂ ਆਪਣੇ ਅਹੁਦੇ ਦੇ ਫ਼ਰਜ਼ ਨਿਭਾਉਣ ਦੀ ਥਾਂ ਹੋਰ ਪਾਸੇ ਦੇ ਕੰਮਾਂ ’ਚ ਲੱਗੇ ਰਹੇ। ਮਸੀਹੀ ਧਰਮ ਦੀ ਬਰਬਾਦੀ ਲਈ ਕੇਵਲ ਤੇ ਕੇਵਲ ਤੁਸੀਂ ਜ਼ਿੰਮੇਵਾਰ ਹੋ। ਪ੍ਰਭੂ ਅੱਗੇ ਮੇਰੀ ਦੁਆ ਹੈ ਕਿ ਅਜਿਹੀਆਂ ਸਾਰੀਆਂ ਮਾੜੀਆਂ ਗੱਲਾਂ ਤੁਹਾਡੇ ਕੋਲੋਂ ਦਫ਼ਾ ਹੋ ਜਾਣ – ਮੈਨੂੰ ਆਸ ਹੈ ਕਿ ਤੁਹਾਡੇ ਨਾਲ ਕੁਝ ਵੀ ਮਾੜਾ ਨਹੀਂ ਵਾਪਰਿਆ। ਕੀ ਇਹ ਉੱਚ–ਪੱਧਰ ਦੀ ਨਾਪਾਕੀ ਤੇ ਅੱਖੜਪੁਣਾ ਨਹੀਂ ਹੈ ਅਤੇ ਤੁਸੀਂ ਮਸੀਹੀ ਰੀਤਾਂ ਉੱਤੇ ਸਿਰਫ਼ ਇੱਕੋ ਪਾਸੇ ਚੱਲੇ ਅਤੇ ਆਪਣੀਆਂ ਮਨੁੱਖੀ ਰਵਾਇਤਾਂ ’ਤੇ ਜ਼ੋਰ ਦਿੱਤਾ ਪਰ ਤੁਸੀਂ ਇਸ ਗੱਲ ਦਾ ਕੋਈ ਖ਼ਿਆਲ ਨਹੀਂ ਕੀਤਾ ਕਿ ਸੰਗਤ ਨੂੰ ਪਰਮੇਸ਼ਵਰ ਦੀ ਦੁਆ, ਮਸੀਹੀ ਸਿਧਾਂਤ, ਦਸ ਹੁਕਮਾਂ ਜਾਂ ਪਰਮੇਸ਼ਵਰ ਦੇ ਵਚਨ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਤੁਹਾਡੇ ਲਈ ਇਹ ਬਹੁਤ ਦੁੱਖ ਵਾਲੀ ਗੱਲ ਹੋਣੀ ਚਾਹੀਦੀ ਹੈ!

ਇਸੇ ਲਈ, ਮੈਂ ਤੁਹਾਨੂੰ ਸਭਨਾਂ ਨੂੰ ਪਰਮੇਸ਼ਵਰ ਲਈ ਇਹ ਬੇਨਤੀ ਕਰਦਾ ਹਾਂ, ਮੇਰੇ ਪਿਆਰੇ ਸ੍ਰੀਮਾਨ ਜੀਓ ਤੇ ਭਰਾਵੋ, ਜੋ ਪਾਦਰੀ ਜਾਂ ਪ੍ਰਚਾਰਕ ਹਨ – ਤੁਸੀਂ ਸਾਰੇ ਤਹਿ–ਦਿਲੋਂ ਖੁਦ ਨੂੰ ਆਪਣੇ ਅਹੁਦਿਆਂ ਨੂੰ ਸਮਰਪਿਤ ਕਰ ਦੇਵੋ, ਉਸ ਮਸੀਹੀ ਸੰਗਤ ’ਤੇ ਤਰਸ ਕਰੋ ਜੋ ਤੁਹਾਡੇ ਸਹਾਰੇ ਬੈਠੀ ਹੋਈ ਹੈ। ਇਹ ਮਸੀਹੀ ਪ੍ਰਸ਼ਨੋਤਰੀ ਸੰਗਤ, ਖਾਸ ਕਰ ਕੇ ਨੌਜਵਾਨਾਂ ਤੱਕ ਪਹੁੰਚਾਉਣ ਵਿੱਚ ਸਾਡੀ ਮਦਦ ਕਰੋ। ਜੇ ਤੁਹਾਡੇ ’ਚੋਂ ਕਿਸੇ ਨੂੰ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ – ਤਾਂ ਇਹ ਟੇਬਲਾਂ ਤੇ ਫ਼ਾਰਮ ਲੈਣ ’ਚ ਕੋਈ ਸ਼ਰਮ ਨਾ ਕਰੋ ਅਤੇ ਇਸ ਮਸੀਹੀ ਪ੍ਰਸ਼ਨੋਤਰੀ ਦਾ ਇੱਕ–ਇੱਕ ਸ਼ਬਦ ਲੋਕਾਂ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਇੱਥੇ ਹੇਠਾਂ ਦਿੱਤੇ ਅਨੁਸਾਰ ਪ੍ਰਭਾਵਿਤ ਕਰੋ।

ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਪ੍ਰਚਾਰਕ ਦਸ ਹੁਕਮਾਂ, ਪਰਮੇਸ਼ਵਰ ਦੀ ਦੁਆ, ਮਸੀਹੀ ਸਿਧਾਂਤ ਅਤੇ ਸਾਰੀਆਂ ਪਵਿੱਤਰ ਰੀਤਾਂ ਬਾਰੇ ਵੱਖੋ–ਵੱਖਰੀਆਂ ਕਿਤਾਬਾਂ ਤੇ ਕਿਸਮਾਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨ ਅਤੇ ਸਿਰਫ਼ ਇੱਕ ਕਿਤਾਬ ਜਾਂ ਕਿਸਮ ’ਤੇ ਹੀ ਆਪਣੀ ਟੇਕ ਰੱਖਣ। ਉਹ ਹਰ ਸਮੇਂ, ਸਾਲ–ਦਰ–ਸਾਲ ਉਸੇ ਇੱਕੋ ਇਬਾਰਤ (ਟੈਕਸਟ) ਉੱਤੇ ਜ਼ੋਰ ਦੇਣ। ਮੈਂ ਤੁਹਾਨੂੰ ਇਹ ਸਲਾਹ ਇਸ ਲਈ ਦੇ ਰਿਹਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਨੌਜਵਾਨਾਂ ਤੇ ਆਮ ਸੰਗਤ ਨੂੰ ਇੱਕੋ ਜਿਹੀਆਂ ਨਿਰਧਾਰਤ ਪੁਸਤਕਾਂ ਤੇ ਕਿਸਮਾਂ ਨਾਲ ਹੀ ਸਮਝਾਉਣਾ ਚਾਹੀਦਾ ਹੈ; ਨਹੀਂ ਤਾਂ ਉਹ ਬਹੁਤ ਛੇਤੀ ਭੰਬਲਭੂਸੇ ’ਚ ਪੈ ਜਾਂਦੇ ਹਨ – ਜਦੋਂ ਅਧਿਆਪਕ ਉਨ੍ਹਾਂ ਨੂੰ ਕਿਸੇ ਵੇਲੇ ਤਾਂ ਹੋਰ ਢੰਗ ਨਾਲ ਸਮਝਾਉਂਦਾ ਹੈ ਤੇ ਹੋਰ ਸਮੇਂ ਉਹ ਕਿਸੇ ਹੋਰ ਇਬਾਰਤ ਨਾਲ ਉਸੇ ਗੱਲ ਨੂੰ ਸਮਝਾਉਂਦਾ ਹੈ। ਤਦ ਉਹ ਭਾਵੇਂ ਕਿੰਨਾ ਵੀ ਸੁਧਾਰ ਕਰਨ ਦੀ ਖਾਹਿਸ਼ ਮਨ ’ਚ ਰੱਖੇ ਪਰ ਉਸ ਦੇ ਸਾਰੇ ਜਤਨਾਂ ਤੇ ਮਿਹਨਤ ’ਤੇ ਪਾਣੀ ਫਿਰ ਜਾਂਦਾ ਹੈ।

ਸਾਡੇ ਪੁਰਖੇ ਇਸ ਗੱਲ ਤੋਂ ਭਲੀਭਾਂਤ ਵਾਕਫ਼ ਸਨ; ਇਸੇ ਲਈ ਉਨ੍ਹਾਂ ਪਰਮੇਸ਼ਵਰ ਦੀ ਦੁਆ ਸਦਾ ਇੱਕੋ ਤਰੀਕੇ ਨਾਲ ਪੜ੍ਹੀ। ਇੰਝ ਹੀ ਉਨ੍ਹਾਂ ਮਸੀਹੀ ਸਿਧਾਂਤਾਂ ਤੇ ਦਸ ਹੁਕਮਾਂ ਨੂੰ ਰਟਿਆ ਅਤੇ ਉਨ੍ਹਾਂ ਉੱਤੇ ਚੱਲੇ। ਇਸੇ ਲਈ ਸਾਨੂੰ ਵੀ ਉਨ੍ਹਾਂ ਦੀ ਸੂਝਬੂਝ ਵਰਤਣੀ ਚਾਹੀਦੀ ਹੈ ਅਤੇ ਥੋੜ੍ਹੀ ਮਿਹਨਤ ਕਰ ਕੇ ਨੌਜਵਾਨਾਂ ਤੇ ਆਮ ਸੰਗਤ ਨੂੰ ਇਹ ਸਾਰੇ ਹਿੱਸੇ, ਬਿਨਾ ਇਨ੍ਹਾਂ ਦੀ ਸ਼ਬਦਾਵਲੀ ਬਦਲਿਆਂ ਇੱਕੋ ਤਰੀਕੇ ਸਮਝਾਓ ਅਤੇ ਕਦੇ ਵੀ ਕੋਈ ਇਬਾਰਤ ਤਬਦੀਲ ਨਾ ਕਰੋ। ਇੰਝ ਨਹੀਂ ਕਿ ਅੱਜ ਤੁਸੀਂ ਇਸ ਪ੍ਰਸ਼ਨੋਤਰੀ ਨੂੰ ਕਿਵੇਂ ਸਮਝਾਇਆ ਤੇ ਅਗਲੀ ਵਾਰ ਉਸ ਦੀ ਸ਼ਬਦਾਵਲੀ ਬਦਲ ਦਿੱਤੀ। ਇਸ ਗੱਲ ਦੀ ਪਰਵਾਹ ਨਾ ਕਰੋ ਕਿ ਤੁਸੀਂ ਇਸ ਪ੍ਰਸ਼ਨੋਤਰੀ ਨੂੰ ਕਿੰਨੀ ਵਾਰ ਸਮਝਾ ਚੁੱਕੇ ਹੋ – ਭਾਵ ਇਸ ਬਾਰੇ ਵਾਰ–ਵਾਰ ਸੰਗਤ ਨੂੰ ਸਮਝਾਓ।

ਜਿਹੜੀ ਵੀ ਕਿਸਮ ਤੁਹਾਨੂੰ ਚੰਗੇ ਲੱਗੇ, ਉਸ ਤਰ੍ਹਾਂ ਅੱਗੇ ਵਧੋ ਪਰ ਹਰ ਵਾਰ ਸਮਝਾਉਣ ਦਾ ਤਰੀਕਾ ਬਿਲਕੁਲ ਉਹੀ ਰੱਖੋ। ਪਰ ਜਦੋਂ ਤੁਸੀਂ ਸਮਝਦਾਰ ਤੇ ਸੂਝਵਾਨ ਵਿਅਕਤੀਆਂ ਅੱਗੇ ਪ੍ਰਚਾਰ ਕਰਦੇ ਹੋਵੋਂ, ਤਾਂ ਤੁਸੀਂ ਆਪਣੇ ਹਰ ਤਰ੍ਹਾਂ ਦੇ ਹੁਨਰ ਵਿਖਾ ਸਕਦੇ ਹੋ ਅਤੇ ਤੁਸੀਂ ਇਸ ਦੇ ਹਿੱਸੇ ਕੁਝ ਵੱਖਰੇ ਤੇ ਗੁੰਝਲਦਾਰ ਤਰੀਕੇ ਨਾਲ ਵੀ ਸਮਝਾ ਸਕਦੇ ਹੋ ਅਤੇ ਇੰਝ ਕਰਦਿਆਂ ਤੁਸੀਂ ਆਪਣੀ ਯੋਗਤਾ ਨਾਲ ਹਰ ਤਰ੍ਹਾਂ ਦਾ ਮੋੜ ਦੇ ਸਕਦੇ ਹੋ। ਪਰੰਤੂ ਜਦੋਂ ਨੌਜਵਾਨਾਂ ਨੂੰ ਇਹ ਸਭ ਸਮਝਾਉਣ ਦੀ ਵਾਰੀ ਆਵੇ, ਤਾਂ ਸਦਾ ਸਿਰਫ਼ ਇੱਕੋ ਤਰੀਕਾ ਤੇ ਵਿਧੀ ਅਪਣਾਓ। ਇੰਝ ਹੀ ਅੱਗੇ ਵਧੋ, ਸਿਰਫ਼ ਇੱਥੇ ਲਿਖੀ ਇਬਾਰਤ ਮੁਤਾਬਕ, ਹਰੇਕ ਸ਼ਬਦ ਉੱਤੇ ਗ਼ੌਰ ਕਰੋ, ਤਾਂ ਜੋ ਉਹ ਵੀ ਉਸੇ ਤਰੀਕੇ ਤੁਹਾਡੇ ਪਿੱਛੇ ਦੁਹਰਾਉਣ ਤੇ ਉਨ੍ਹਾਂ ਨੂੰ ਮੂੰਹ–ਜ਼ੁਬਾਨੀ ਚੇਤੇ ਹੋ ਜਾਵੇ।

ਪਰ ਜਿਹੜੇ ਇਸ ਨੂੰ ਸਿੱਖਣਾ ਨਹੀਂ ਚਾਹੁੰਦੇ, ਉਨ੍ਹਾਂ ਨੂੰ ਸਪੱਸ਼ਟ ਦੱਸ ਦੇਵੋ ਕਿ ਉਹ ਯਿਸੂ ਮਸੀਹ ਨੂੰ ਮੰਨਣ ਤੋਂ ਇਨਕਾਰੀ ਹੋ ਰਹੇ ਹਨ ਤੇ ਉਹ ਮਸੀਹੀ ਨਹੀਂ ਹਨ। ਉਨ੍ਹਾਂ ਨੂੰ ਕਿਸੇ ਪਵਿੱਤਰ ਮਸੀਹੀ ਅਸ਼ਾਇ ਰੱਬਾਨੀ ਵਿੱਚ ਸ਼ਾਮਲ ਨਾ ਕਰੋ, ਉਨ੍ਹਾਂ ਦੇ ਕਹਿਣ ’ਤੇ ਕਿਸੇ ਨੂੰ ਬਪਤਿਸਮਾ ਨਾ ਦੇਵੋ, ਉਨ੍ਹਾਂ ’ਤੇ ਮਸੀਹੀ ਆਜ਼ਾਦੀ ਦੇ ਕਿਸੇ ਭਾਗ ਦੀ ਵਰਤੋਂ ਨਾ ਕਰੋ। ਬੱਸ ਉਨ੍ਹਾਂ ਨੂੰ ਸਿੱਧੇ ਪੋਪ ਤੇ ਉਨ੍ਹਾਂ ਦੇ ਅਧਿਕਾਰੀਆਂ ਕੋਲ ਭੇਜ ਦੇਵੋ ਅਤੇ ਫਿਰ ਉਹ ਆਪਣੇ–ਆਪ ਸ਼ੈਤਾਨ ਕੋਲ ਚਲੇ ਜਾਣਗੇ। ਇਸ* ਤੋਂ ਇਲਾਵਾ ਉਨ੍ਹਾਂ ਦੇ ਮਾਪੇ ਤੇ ਉਨ੍ਹਾਂ ਦੇ ਰੁਜ਼ਗਾਰਦਾਤਿਆਂ ਨੂੰ ਵੀ ਉਨ੍ਹਾਂ ਨੂੰ ਖਾਣਾ–ਪੀਣਾ ਦੇਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਹ ਵੀ ਸਮਝਾਓ ਕਿ ਸ਼ਹਿਜ਼ਾਦਾ ਅਜਿਹੇ ਅੱਖੜ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢ ਦੇਵੇਗਾ! ਭਾਵੇਂ ਅਸੀਂ ਕਿਸੇ ’ਤੇ ਵਿਸ਼ਵਾਸ ਕਰਨ ਲਈ ਜ਼ੋਰ ਨਹੀਂ ਪਾ ਸਕਦੇ ਤੇ ਅਜਿਹਾ ਕਰਨਾ ਵੀ ਨਹੀਂ ਚਾਹੀਦਾ ਪਰ ਅਸੀਂ ਅਜਿਹੇ ਲੋਕਾਂ ਉੱਤੇ ਜ਼ੋਰ ਪਾ ਕੇ ਘੱਟੋ–ਘੱਟ ਉਨ੍ਹਾਂ ਨੂੰ ਇਹ ਤਾਂ ਦੱਸ ਹੀ ਸਕਦੇ ਹਾਂ ਕਿ ਕੀ ਠੀਕ ਹੈ ਤੇ ਕੀ ਗ਼ਲਤ, ਜਿਹੜੇ ਇੱਥੇ ਰਹਿ ਕੇ ਆਪਣੀ ਰੋਜ਼ੀ–ਰੋਟੀ ਚੱਲਦੀ ਰੱਖਣਾ ਚਾਹੁੰਦੇ ਹਨ। ਜਿਹੜਾ ਵੀ ਵਿਅਕਤੀ ਕਿਸੇ ਸ਼ਹਿਰ ਜਾਂ ਕਸਬੇ ’ਚ ਰਹਿਣਾ ਚਾਹੁੰਦਾ ਹੈ, ਉਸ ਨੂੰ ਉੱਥੋਂ ਦੇ ਨਿਯਮਾਂ ਬਾਰੇ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਤੇ ਉਹ ਉਨ੍ਹਾਂ ’ਤੇ ਚੱਲਦਾ ਵੀ ਹੋਣਾ ਚਾਹੀਦਾ ਹੈ; ਜੇ ਉਸ ਨੇ ਉੱਥੇ ਸੁਰੱਖਿਅਤ ਰਹਿਣਾ ਹੈ – ਉਹ ਭਾਵੇਂ ਵਿਸ਼ਵਾਸੀ ਹੋਵੇ ਜਾਂ ਗੁਪਤ ਤਰੀਕੇ ਵਿਸ਼ਵਾਸ ਪ੍ਰਗਟਾਉਣਾ ਚਾਹੁੰਦੇ ਹੋਵੇ ਤੇ ਭਾਵੇਂ ਉਸ ਦਾ ਕਿੱਤਾ ਚੋਰੀ–ਛਿਪੇ ਠੱਗੀਆਂ ਮਾਰਨਾ ਤੇ ਧੋਖਾਧੜੀਆਂ ਕਰਨਾ ਹੀ ਕਿਉਂ ਨਾ ਹੋਵੇ।

ਦੂਜੀ ਗੱਲ, ਜਦੋਂ ਉਹ ਇਹ ਸਾਰੀ ਇਬਾਰਤ ਚੰਗੀ ਤਰ੍ਹਾਂ ਸਿੱਖ ਜਾਣ, ਤਾਂ ਉਨ੍ਹਾਂ ਨੂੰ ਇਸ ਦੇ ਅਰਥ ਵੀ ਸਮਝਾਓ, ਤਾਂ ਜੋ ਉਨ੍ਹਾਂ ਇਹ ਤਾਂ ਪਤਾ ਲੱਗ ਸਕੇ ਕਿ ਆਖ਼ਰ ਇਸ ਸਭ ਦਾ ਮਤਲਬ ਕੀ ਹੈ। ਫਿਰ ਉਨ੍ਹਾਂ ਨੂੰ ਇਨ੍ਹਾਂ ਟੇਬਲਾਂ (ਤਾਲਿਕਾਵਾਂ) ਦੀ ਕਿਸਮ ਤੁਹਾਨੂੰ ਆਪਣੀ ਮਰਜ਼ੀ ਤੇ ਪਸੰਦ ਮੁਤਾਬਕ ਚੁਣ ਲੈਣੀ ਚਾਹੀਦੀ ਹੈ ਜਾਂ ਇੱਕੋ ਜਿਹੀ ਵਿਧੀ ਅਪਨਾਉਣੀ ਚਾਹੀਦੀ ਹੈ ਅਤੇ ਫਿਰ ਉਸੇ ਨੂੰ ਹੀ ਸਦਾ ਵਰਤਣਾ ਚਾਹੀਦਾ ਹੈ ਤੇ ਇੱਕ ਵੀ ਅੱਖਰ ਜਾਂ ਲਾਈਨ ਨੂੰ ਕਦੇ ਵੀ ਨਾ ਬਦਲੋ। ਸਭ ਕੁਝ ਉਵੇਂ ਹੀ ਰੱਖੋ, ਜਿਵੇਂ ਕਿ ਇੱਥੇ ਲਿਖ ਕੇ ਸਮਝਾਇਆ ਗਿਆ ਹੈ ਤੇ ਉਸ ਨੂੰ ਸਮਝਣ ਵਿੱਚ ਜਿੰਨਾ ਮਰਜ਼ੀ ਸਮਾਂ ਲਾਓ। ਤੁਹਾਨੂੰ ਸਾਰੇ ਹਿੱਸੇ ਇੱਕੋ ਵਾਰੀ ’ਚ ਪੜ੍ਹਾਉਣ ਜਾਂ ਸਮਝਾਉਣ ਦੀ ਜ਼ਰੂਰਤ ਤਾਂ ਹੈ ਨਹੀਂ। ਤੁਸੀਂ ਉਨ੍ਹਾਂ ਨੂੰ ਵਾਰੀ–ਵਾਰੀ ਸਿਰ ਹੀ ਸਮਝਾਉਣਾ ਹੈ। ਜਦੋਂ ਉਹ ਪਹਿਲੇ ਹੁਕਮ ਨੂੰ ਚੰਗੀ ਤਰ੍ਹਾਂ ਸਮਝ ਲੈਣ, ਤਦ ਹੀ ਦੂਜੇ ’ਤੇ ਜਾਓ। ਨਹੀਂ ਤਾਂ ਉਹ ਉਲਝ ਕੇ ਰਹਿ ਜਾਣਗੇ ਤੇ ਉਨ੍ਹਾਂ ਨੂੰ ਵਧੀਆ ਤਰੀਕੇ ਕੁਝ ਵੀ ਚੇਤੇ ਨਹੀਂ ਰਹੇਗਾ।

ਤੀਜੀ ਗੱਲ, ਜਦੋਂ ਤੁਸੀਂ ਮਸੀਹੀ ਸੰਸਾਰ ਬਾਰੇ ਇਹ ਛੋਟੀ ਪ੍ਰਸ਼ਨੋਤਰੀ ਪੜ੍ਹਾ ਹਟੋਂ, ਤਦ ਇੱਕ ਹੋਰ ਵੱਡੀ ਪ੍ਰਸ਼ਨੋਤਰੀ ਸ਼ੁਰੂ ਕਰ ਲਵੋ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਅਤੇ ਮੁਕੰਮਲ ਗਿਆਨ ਦਿੰਦੇ ਚਲੇ ਜਾਓ। ਤਦ ਤੁਸੀਂ ਹਰੇਕ ਹੁਕਮ, ਲੇਖ, ਬੇਨਤੀ ਤੇ ਵੱਖੋ–ਵੱਖਰੇ ਕੰਮਾਂ ਦੇ ਹਿੱਸਿਆਂ ਬਾਰੇ ਪੂਰੇ ਵਿਸਥਾਰ ਨਾਲ ਸਮਝਾਓਗੇ। ਤੁਸੀਂ ਇਨ੍ਹਾਂ ਦੇ ਨਫ਼ੇ, ਨੁਕਸਾਨ, ਲੱਗ ਸਕਣ ਵਾਲੀਆਂ ਸੱਟਾਂ ਬਾਰੇ ਸਮਝਾਓਗੇ। ਜਿਉਂ–ਜਿਉਂ ਤੁਸੀਂ ਪੜ੍ਹਦੇ ਜਾਓਗੇ, ਤਾਂ ਪਾਓਗੇ ਕਿ ਇਨ੍ਹਾਂ ਮਾਮਲਿਆਂ ਬਾਰੇ ਕਿਤਾਬਾਂ ਵਿੱਚ ਬਹੁਤ ਕੁਝ ਵਰਨਣ ਕੀਤਾ ਗਿਆ ਹੈ। ਤੁਸੀਂ ਖਾਸ ਤੌਰ ’ਤੇ ਇਸ ਗੱਲ ਉੱਪਰ ਜ਼ੋਰ ਦੇਵੋ ਕਿ ਦਸ ਹੁਕਮਾਂ ਵਿੱਚੋਂ ਕਿਹੜੇ ਹੁਕਮ ਜਾਂ ਉਸ ਦੇ ਕਿਹੜੇ ਹਿੱਸੇ ਨੂੰ ਤੁਹਾਡੀ ਮਸੀਹੀ ਸੰਗਤ ਅੱਖੋਂ ਪ੍ਰੋਖੇ ਕਰ ਰਹੀ ਹੈ। ਉਦਾਹਰਣ ਵਜੋਂ, ਸੱਤਵੇਂ ਹੁਕਮ ’ਚ ਚੋਰੀ ਤੋਂ ਵਰਜਿਆ ਗਿਆ ਹੈ। ਆਪਣੀ ਮਸੀਹੀ ਸੰਗਤ ’ਚੋਂ ਤੁਸੀਂ ਮਕੈਨਿਕਾਂ, ਵਪਾਰੀਆਂ, ਕਿਸਾਨਾਂ ਤੇ ਸੇਵਕਾਂ ਨੂੰ ਸਮਝਾਓ ਕਿ ਜੇ ਉਨ੍ਹਾਂ ਦੇ ਰੋਜ਼ਮੱਰਾ ਦੇ ਕੰਮਕਾਜ ਵਿੱਚ ਕੋਈ ਛੋਟੀ–ਮੋਟੀ ਵੀ ਚੋਰੀ ਜਾਂ ਬੇਈਮਾਨੀ ਹੁੰਦੀ ਹੈ, ਤਾਂ ਉਹ ਉਸ ਨੂੰ ਬੰਦ ਕਰ ਦੇਣ। ਇੰਝ ਹੀ ਤੁਸੀਂ ਬੱਚਿਆਂ ਤੇ ਆਮ ਸੰਗਤ ਨੂੰ ਚੌਥੇ ਹੁਕਮ ਬਾਰੇ ਸਮਝਾ ਸਕਦੇ ਹੋ ਕਿ ਉਹ ਘੱਟ ਬੋਲਣ ਵਾਲੇ, ਵਿਸ਼ਵਾਸਪਾਤਰ, ਆਗਿਆਕਾਰੀ, ਅਮਨ–ਪਸੰਦ ਬਣਨ। ਤੁਹਾਨੂੰ ਸਦਾ ਪਵਿੱਤਰ ਬਾਈਬਲ ਦੀਆਂ ਵੱਖੋ–ਵੱਖਰੀਆਂ ਪੁਸਤਕਾਂ ’ਚੋਂ ਬਹੁਤ ਸਾਰੀਆਂ ਮਿਸਾਲਾਂ ਦੇਣੀਆਂ ਚਾਹੀਦੀਆਂ ਹਨ ਕਿ ਜਿਨ੍ਹਾਂ ਨੇ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਪ੍ਰਭੂ–ਪਰਮੇਸ਼ਵਰ ਨੇ ਉਨ੍ਹਾਂ ਨੂੰ ਕਿਵੇਂ ਸਜ਼ਾਵਾਂ ਦਿੱਤੀਆਂ ਅਤੇ ਜਿਨ੍ਹਾਂ ਨੇ ਇਨ੍ਹਾਂ ਦੀ ਪੂਰੀ ਪਾਲਣਾ ਕੀਤੀ, ਉਹ ਰੱਬੀ ਮਿਹਰ ਸਦਕਾ ਕਿਵੇਂ ਖੁਸ਼ਹਾਲ ਹੋਏ।

ਤੁਹਾਨੂੰ ਖਾਸ ਤੌਰ ’ਤੇ ਮੈਜਿਸਟ੍ਰੇਟਸ ਤੇ ਮਾਪਿਆਂ ਤੱਕ ਨੂੰ ਵੀ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਆਪਣਾ ਹੁਕਮ ਵਧੀਆ ਢੰਗ ਨਾਲ ਹੀ ਚਲਾਉਣ ਅਤੇ ਆਪਣੇ ਬੱਚੇ ਸਕੂਲ ਭੇਜਣ। ਉਨ੍ਹਾਂ ਨੂੰ ਇਹ ਦੱਸੋ ਕਿ ਤੁਹਾਡੇ ਲਈ ਇੰਝ ਕਰਨ ਦਾ ਫ਼ਰਜ਼ ਕਿਉਂ ਹੈ ਅਤੇ ਉਹ ਨਿੰਦਣਯੋਗ ਗੁਨਾਹ (ਪਾਪ) ਕੀ ਹੈ ਜਿਹੜਾ ਉਹ ਕਰ ਰਹੇ ਹਨ ਅਤੇ ਜੇ ਉਹ ਨਾ ਕਰਨ ਤਾਂ ਉਸ ਦਾ ਉਨ੍ਹਾਂ ਨੂੰ ਕੀ ਲਾਹਾ ਮਿਲੇਗਾ। ਦਰਅਸਲ, ਉਨ੍ਹਾਂ ਦੀ ਅਜਿਹੀ ਲਾਪਰਵਾਹੀ ਕਾਰਨ ਉਹ ਨਾ ਤਾਂ ਪਰਮੇਸ਼ਵਰ ਦੇ ਰਾਜ ਨੂੰ ਤਬਾਹ ਕਰ ਕੇ ਰੱਖ ਦਿੰਦੇ ਹਨ, ਸਗੋਂ ਇਸ ਸੰਸਾਰਕ ਹਕੂਮਤਾਂ ਨੂੰ ਵੀ ਢਾਹ ਲਾਉਂਦੇ ਹਨ ਅਤੇ ਇੰਝ ਉਹ ਪ੍ਰਭੂ ਅਤੇ ਆਮ ਮਨੁੱਖਾਂ ਦੋਵਾਂ ਦੇ ਹੀ ਜਾਨੀ ਦੁਸ਼ਮਣਾਂ ਵਜੋਂ ਵਿਚਰ ਰਹੇ ਹੁੰਦੇ ਹਨ। ਉਨ੍ਹਾਂ ਨੂੰ ਇਹ ਵੀ ਬਿਲਕੁਲ ਸਪੱਸ਼ਟ ਕਰ ਦੇਵੋ ਕਿ ਉਹ ਕਿੰਨਾ ਖ਼ਤਰਨਾਕ ਨੁਕਸਾਨ ਕਰ ਰਹੇ ਹਨ, ਜੇ ਉਹ ਆਪਣੇ ਬੱਚਿਆਂ ਨੂੰ ਪਾਦਰੀ ਤੇ ਪ੍ਰਚਾਰਕ ਤੇ ਸਕੱਤਰ ਜਿਹੇ ਅਹੁਦਿਆਂ ਲਈ ਸਿਖਲਾਈ ਲੈਣ ਵਿੱਚ ਮਦਦ ਨਹੀਂ ਕਰਦੇ। ਪਰਮੇਸ਼ਵਰ ਇਸ ਲਈ ਉਨ੍ਹਾਂ ਨੂੰ ਬਹੁਤ ਵੱਡੀ ਸਜ਼ਾ ਦੇਣਗੇ। ਅਸਲ ’ਚ ਅਜਿਹਾ ਪ੍ਰਚਾਰ ਚਾਹੀਦਾ ਹੁੰਦਾ ਹੈ। ਈਮਾਨਦਾਰਾਨਾ ਗੱਲ ਇਹ ਹੈ ਕਿ ਮੈਂ ਇਸ ਤੋਂ ਵੱਧ ਅਹਿਮ ਹੋਰ ਕੋਈ ਵਿਸ਼ਾ ਜਾਣਦਾ ਵੀ ਨਹੀਂ। ਮਾਪੇ ਅਤੇ ਮੈਜਿਸਟ੍ਰੇਟ ਹੁਣ ਇਸ ਸਬੰਧੀ ਚੁੱਪ ਰਹਿ ਕੇ ਵੀ ਗੁਨਾਹ ਕਰ ਰਹੇ ਹਨ। ਇਨ੍ਹਾਂ ਹੀ ਗੱਲਾਂ ਕਰਕੇ ਸ਼ੈਤਾਨ ਵੀ ਕੋਈ ਜ਼ਾਲਮਾਨਾ ਸਾਜ਼ਿਸ਼ਾਂ ਰਚ ਰਿਹਾ ਹੈ।

ਅੰਤਲੀ ਗੱਲ, ਹੁਣ ਜਦੋਂ ਪੋਪ ਦੀ ਤਾਨਾਸ਼ਾਹੀ ਖ਼ਤਮ ਹੋ ਚੁੱਕੀ ਹੈ, ਲੋਕ ਹੁਣ ਮਸੀਹੀ ਅਸ਼ਾਇ ਰੱਬਾਨੀ ਵੱਲ ਹੋਰ ਜਾਣਾ ਹੀ ਨਹੀਂ ਚਾਹ ਰਹੇ ਅਤੇ ਉਹ ਇਨ੍ਹਾਂ ਨੂੰ ਫ਼ਿਜ਼ੂਲ ਤੇ ਬੇਲੋੜੀਆਂ ਆਖ ਕੇ ਨਫ਼ਰਤ ਕਰਨ ਲੱਗ ਪਏ ਹਨ। ਇੱਥੇ ਮੈਂ ਇੱਕ ਵਾਰ ਫਿਰ ਉਨ੍ਹਾਂ ਨੂੰ ਬੇਨਤੀ ਕਰ ਦੇਵਾਂ ਤੇ ਇਹ ਸਮਝਾ ਦੇਵਾਂ ਕਿ: ਅਸੀਂ ਕਿਸੇ ’ਤੇ ਵਿਸ਼ਵਾਸ ਕਰਨ ਲਈ ਜ਼ੋਰ ਨਹੀਂ ਪਾਉਣਾ, ਕੋਈ ਅਸ਼ਾਇ ਰੱਬਾਨੀ ਜਾਂ ਬਪਤਿਸਮਾ ਲੈਣ ਲਈ ਵੀ ਮਜਬੂਰ ਨਹੀਂ ਕਰਨਾ, ਨਾ ਕਿਸੇ ਕਾਨੂੰਨੀ ਸਜ਼ਾ ਦੀ ਗੱਲ ਕਰਨੀ ਹੈ ਤੇ ਨਾ ਕੋਈ ਸਮਾਂ ਦੇਣਾ ਹੈ ਤੇ ਨਾ ਹੀ ਇਸ ਲਈ ਕੋਈ ਜਗ੍ਹਾ ਹੀ ਦੱਸਣੀ ਹੈ ਪਰ ਪ੍ਰਚਾਰ ਹੀ ਕੁਝ ਅਜਿਹੇ ਤਰੀਕੇ ਨਾਲ ਕਰਨਾ ਹੈ ਕਿ ਉਹ ਆਪਣੀ ਖੁਦ ਦੀ ਮਰਜ਼ੀ ਨਾਲ, ਸਾਡੇ ਕਾਨੂੰਨ ਦਾ ਦਬਾਅ ਪਾਏ ਬਗ਼ੈਰ ਖੁਦ ਨੂੰ ਆਖਣ ਤੇ ਪਾਦਰੀ ਸਾਹਿਬਾਨ ਨੂੰ ਮਸੀਹੀ ਧਾਰਮਿਕ ਰੀਤਾਂ ਕਰਨ ਲਈ ਮਜਬੂਰ ਕਰਨ। ਇਹ ਸਭ ਉਨ੍ਹਾਂ ਨੂੰ ਇਹ ਦੱਸੇ ’ਤੇ ਹੀ ਹੋਣਾ ਹੈ: ਜੇ ਕੋਈ ਵਿਅਕਤੀ ਇੱਕ ਸਾਲ ਵਿੱਚ ਘੱਟੋ–ਘੱਟ ਚਾਰ ਵਾਰ ਮਸੀਹੀ ਅਸ਼ਾਇ ਰੱਬਾਨੀ ਵਿੱਚ ਭਾਗ ਲੈਣ ਦੀ ਇੱਛਾ ਜ਼ਾਹਿਰ ਨਹੀਂ ਕਰਦਾ, ਤਾਂ ਇਹ ਖ਼ਦਸ਼ਾ ਹੋ ਸਕਦਾ ਹੈ ਕਿ ਉਹ ਇਸ ਸਭ ਤੋਂ ਦੂਰ ਹੁੰਦਾ ਜਾ ਰਿਹਾ ਹੈ ਤੇ ਹੁਣ ਉਹ ਮਸੀਹੀ ਨਹੀਂ ਰਿਹਾ; ਬਿਲਕੁਲ ਉਵੇਂ ਜਿਵੇਂ ਉਹ ਮਸੀਹੀ ਨਹੀਂ ਹੈ ਤੇ ਮਸੀਹੀ ਸੁਸਮਾਚਾਰ ’ਤੇ ਵਿਸ਼ਵਾਸ ਨਹੀਂ ਕਰਦਾ ਜਾਂ ਉਸ ਨੂੰ ਨਹੀਂ ਸੁਣਦਾ। ਕਿਉਂਕਿ ਯਿਸੂ ਮਸੀਹ ਨੇ ਇਹ ਨਹੀਂ ਕਿਹਾ,‘ਇਹ ਛੱਡੋ,’ ਜਾਂ ‘ਇਹ ਨਿੰਦਣਯੋਗ’, ਸਗੋਂ ਇਹ ਆਖਿਆ ‘ਜਦੋਂ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਇਹ ਕਰਿਆ ਕਰੋ।’ ਸੱਚਾਈ ਇਹ ਹੈ ਕਿ ਉਹ ਚਾਹੁੰਦੇ ਹਨ ਕਿ ਉਹ ਅਜਿਹਾ ਕੀਤਾ ਜਾਣਾ ਚਾਹੀਦਾ ਹੈ ਤੇ ਪੂਰੀ ਤਰ੍ਹਾਂ ਅੱਖੋਂ ਪ੍ਰੋਖੇ ਅਤੇ ਨਿੰਦਿਆ ਨਹੀਂ ਜਾਣਾ ਚਾਹੀਦਾ। ਉਹ ਆਖਦੇ ਹਨ,‘ਇਹ ਕਰੋ’।

ਹੁਣ ਜਿਹੜਾ ਵੀ ਵਿਅਕਤੀ ਇਸ ਅਸ਼ਾਇ ਰੱਬਾਨੀ ਦੀ ਪਵਿੱਤਰ ਰਸਮ ਦੀ ਉੱਚ ਪਾਏ ਦੀ ਕਦਰ ਨਹੀਂ ਪਾਉਂਦਾ; ਤਾਂ ਇਸ ਤੋਂ ਇਹੋ ਜ਼ਾਹਿਰ ਹੁੰਦਾ ਹੈ ਕਿ ਉਹ ਪਾਪ, ਹੱਡ–ਮਾਸ, ਸ਼ੈਤਾਨ, ਇਸ ਸੰਸਾਰ, ਮੌਤ, ਖ਼ਤਰੇ, ਨਰਕ ਆਦਿ ਕਿਸੇ ਨੂੰ ਨਹੀਂ ਮੰਨਦਾ ਤੇ ਉਸ ਨੂੰ ਅਜਿਹੀਆਂ ਚੀਜ਼ਾਂ ਵਿੱਚ ਕੋਈ ਭਰੋਸਾ ਨਹੀਂ ਹੈ। ਭਾਵੇਂ ਇਹ ਉਸ ਵਿੱਚ ਹਨ – ਸ਼ੈਤਾਨ ਉਸ ਦੇ ਸਿਰ ’ਤੇ ਅਤੇ ਕੰਨਾਂ ’ਤੇ ਹੈ ਅਤੇ ਉਹ ਆਪ ਦੁੱਗਣਾ ਸ਼ੈਤਾਨ ਹੈ। ਇਸ ਦੇ ਨਾਲ ਹੀ ਉਸ ਨੂੰ ਕਿਸੇ ਰੱਬੀ ਮਿਹਰ, ਜ਼ਿੰਦਗੀ, ਸੁਰਗ, ਯਿਸੂ ਮਸੀਹ, ਪ੍ਰਭੂ–ਪਰਮੇਸ਼ਵਰ ਅਤੇ ਕਿਸੇ ਵੀ ਚੰਗੀ ਚੀਜ਼ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਜੇ ਉਸ ਨੇ ਇਹ ਵਿਸ਼ਵਾਸ ਕੀਤਾ ਕਿ ਉਸ ਵਿੱਚ ਇੰਨੀ ਜ਼ਿਆਦਾ ਬੁਰਾਈ ਹੈ ਅਤੇ ਉਸ ਨੂੰ ਬਹੁਤ ਜ਼ਿਆਦਾ ਚੰਗਿਆਈ ਦੀ ਲੋੜ ਹੈ; ਤਾਂ ਉਹ ਅਸ਼ਾਇ ਰੱਬਾਨੀ ਨੂੰ ਅੱਖੋਂ ਪ੍ਰੋਖੇ ਨਹੀਂ ਕਰੇਗਾ ਕਿਉਂਕਿ ਉਨ੍ਹਾਂ ਨਾਲ ਹੀ ਬੁਰਾਈ ਦਾ ਇਲਾਜ ਹੋਣਾ ਹੈ ਅਤੇ ਬਹੁਤ ਜ਼ਿਆਦਾ ਚੰਗਿਆਈ ਉਸ ਨੂੰ ਬਖ਼ਸ਼ੀ ਜਾਵੇਗੀ। ਉਸ ਨੂੰ ਨਾ ਤਾਂ ਜ਼ਬਰਦਸਤੀ ਮਸੀਹੀ ਅਸ਼ਾਇ ਰੱਬਾਨੀ ਵੱਲ ਲਿਜਾਣ ਦੀ ਲੋੜ ਹੈ ਤੇ ਨਾ ਹੀ ਕਿਸੇ ਕਾਨੂੰਨ ਰਾਹੀਂ ਅਜਿਹਾ ਕਰਨਾ ਚਾਹੀਦਾ ਹੈ; ਸਗੋਂ ਉਹ ਤਾਂ ਆਪੇ ਭੱਜਿਆ–ਨੱਸਿਆ ਆਵੇਗਾ ਤੇ ਤੁਹਾਨੂੰ ਬੇਨਤੀ ਕਰੇਗਾ ਕਿ ਉਸ ਨੂੰ ਅਸ਼ਾਇ ਰੱਬਾਨੀ ਦੇਵੋ।

ਇਸ ਲਈ ਤੁਹਾਨੂੰ ਇਸ ਸਬੰਧੀ ਕੋਈ ਕਾਨੂੰਨ ਕਿਸੇ ਹਾਲਤ ’ਚ ਨਹੀਂ ਬਣਾਉਣਾ ਹੋਵੇਗਾ, ਜਿਵੇਂ ਕਿ ਪੋਪ ਕਰਦੇ ਹਨ। ਸਿਰਫ਼ ਇਹ ਸਪੱਸ਼ਟ ਕਰ ਕੇ ਦੱਸੋ ਕਿ ਕਿਹੜੀ ਗੱਲ ’ਚ ਨਫ਼ਾ ਹੈ ਤੇ ਕਿਹੜੀ ਨਾਲ ਨੁਕਸਾਨ, ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਕੀ ਵਰਤਣਾ ਚਾਹੀਦਾ ਹੈ, ਕਿੱਥੇ ਖ਼ਤਰਾ ਹੈ ਤੇ ਕਿੱਥੇ ਆਸ਼ੀਰਵਾਦ ਮਿਲੇਗਾ। ਉਹ ਆਪੇ ਅਸ਼ਾਇ ਰੱਬਾਨੀ ਨਾਲ ਜੁੜਨਗੇ ਤੇ ਤੁਹਾਨੂੰ ਉਨ੍ਹਾਂ ਨੂੰ ਇਸ ਗੱਲ ਲਈ ਮਜਬੂਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਪਰ ਜੇ ਉਹ ਨਹੀਂ ਆਉਂਦੇ, ਤਾਂ ਉਨ੍ਹਾਂ ਨੂੰ ਜਾਣ ਦੇਵੋ ਪਰ ਉਨ੍ਹਾਂ ਨੂੰ ਇਹ ਦੱਸ ਦੇਵੋ ਕਿ ਅਜਿਹੀਆਂ ਗੱਲਾਂ ਸ਼ੈਤਾਨ ਨਾਲ ਜੁੜੀਆਂ ਹੋਈਆਂ ਹਨ ਅਤੇ ਉਨ੍ਹਾਂ ਦੀ ਬਹੁਤੀ ਕਦਰ ਨਾ ਕਰੋ ਤੇ ਨਾ ਹੀ ਉਨ੍ਹਾਂ ਦੀ ਕੋਈ ਬਹੁਤੀ ਜ਼ਰੂਰਤ ਹੀ ਮਹਿਸੂਸ ਕਰੋ। ਪਰਮੇਸ਼ਵਰ ਦੀ ਮਿਹਰ ਤੁਹਾਡੀ ਮਦਦ ਕਰੇਗੀ। ਪਰ ਜੇ ਤੁਸੀਂ ਇਹ ਸਭ ਨਹੀਂ ਦੱਸਦੇ ਜਾਂ ਕਾਨੂੰਨ ਬਣਾ ਦਿੰਦੇ ਹੋ ਜਾਂ ਇਸ ਨੂੰ ਇੱਕ ਲਾਹਨਤ ਬਣਾ ਦਿੰਦੇ ਹੋ, ਤਾਂ ਇਹ ਤੁਹਾਡੀ ਗ਼ਲਤੀ ਹੋਵੇਗੀ ਜੇ ਉਹ ਪਵਿੱਤਰ ਅਸ਼ਾਇ ਰੱਬਾਨੀ ਦੀ ਨਿਖੇਧੀ ਕਰਦੇ ਹਨ। ਉਹ ਸੁਸਤ ਕਿਉਂ ਨਹੀਂ ਬਣਨਗੇ ਜੇ ਤੁਸੀਂ ਸੁੱਤੇ ਪਏ ਹੋ ਤੇ ਚੁੱਪ ਬੈਠੇ ਹੋ? ਇਸ ਲਈ ਤੁਸੀਂ ਸਾਰੇ ਪਾਸਟਰ ਤੇ ਪ੍ਰਚਾਰਕ ਸਾਹਿਬਾਨ ਇਸ ਸਭ ’ਤੇ ਗ਼ੌਰ ਕਰੋ! ਸਾਡਾ ਦਫ਼ਤਰ/ਅਹੁਦਾ ਪੋਪ ਤੋਂ ਕੁਝ ਵੱਖਰਾ ਹੋ ਗਿਆ ਹੈ; ਇਹ ਹੁਣ ਗੰਭੀਰ ਤੇ ਲਾਹੇਵੰਦ ਹੋ ਗਿਆ ਹੈ। ਹੁਣ ਇਸ ਵਿੱਚ ਵਧੇਰੇ ਮਸੀਬਤ ਤੇ ਮਿਹਨਤ, ਖ਼ਤਰਾ ਤੇ ਇਮਤਿਹਾਨ ਆਉਣ ਵਾਲੇ ਹਨ। ਉਂਝ ਵੀ ਇਸ ਨੂੰ ਸੰਸਾਰ ’ਚ ਕੋਈ ਇਨਾਮ ਤੇ ਸ਼ੁਕਰਗੁਜ਼ਾਰੀ ਨਹੀਂ। ਪਰ ਯਿਸੂ ਮਸੀਹ ਖੁਦ ਸਾਡਾ ਇਨਾਮ ਹੋਣਗੇ ਜੇ ਅਸੀਂ ਪੂਰੀ ਵਫ਼ਾਦਾਰੀ ਨਾਲ ਮਿਹਨਤ ਕਰਾਂਗੇ। ਹੁਣ ਅਜਿਹੇ ਮੁਕਾਮ ’ਤੇ ਪਿਤਾ–ਪਰਮੇਸ਼ਵਰ ਦੀ ਰਹਿਮਤ ਸਾਡੇ ਸਭਨਾਂ ’ਤੇ ਹੋਵੇ, ਉਸ ਦੀ ਸਤੁਤੀ ਹੋਵੇ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਸਦਾ ਲਈ ਉਸ ਦਾ ਧੰਨਵਾਦ! ਆਮੀਨ।

I. ਦਸ ਹੁਕਮ

The Ten Commandments

ਘਰ ਦੇ ਮੁਖੀ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਕਿਵੇਂ ਸਮਝਾਉਣਾ ਚਾਹੀਦਾ ਹੈ।

ਪਹਿਲਾ ਹੁਕਮ

ਤੁਹਾਨੂੰ ਮੇਰੇ ਇਲਾਵਾ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ।

ਤੁਹਾਨੂੰ ਕੋਈ ਬੁੱਤ ਨਹੀਂ ਬਣਾਉਣੇ ਚਾਹੀਦੇ। ਅਕਾਸ਼ ਵਿੱਚ ਜਾਂ ਧਰਤੀ ਉੱਤੇ ਜਾਂ ਪਾਣੀ ਅੰਦਰ ਕਿਸੇ ਚੀਜ਼ ਦੇ ਬੁੱਤ ਜਾਂ ਤਸਵੀਰਾਂ ਨਾ ਬਣਾਓ। ਕਿਸੇ ਤਰ੍ਹਾਂ ਦੇ ਬੁੱਤਾਂ ਦੀ ਉਪਾਸਨਾ ਜਾਂ ਸੇਵਾ ਨਾ ਕਰੋ।

ਇਸ ਦਾ ਕੀ ਮਤਲਬ ਹੈ?

ਉੱਤਰ:

ਸਾਨੂੰ ਹੋਰ ਸਾਰੀਆਂ ਚੀਜ਼ਾਂ ਨਾਲੋਂ ਉੱਤੇ ਪ੍ਰਭੂ–ਪਰਮੇਸ਼ਵਰ ਤੋਂ ਡਰਨਾ, ਉਸ ਨੂੰ ਪਿਆਰ ਤੇ ਉਸ ’ਚ ਭਰੋਸਾ ਕਰਨਾ ਚਾਹੀਦਾ ਹੈ।

ਦੂਜਾ ਹੁਕਮ

ਤੁਹਾਨੂੰ ਯਹੋਵਾ ਆਪਣੇ ਪਰਮੇਸ਼ਵਰ ਦਾ ਨਾਮ ਗ਼ਲਤ ਢੰਗ ਨਾਲ ਨਹੀਂ ਵਰਤਣਾ ਚਾਹੀਦਾ।

ਇਸ ਦਾ ਕੀ ਮਤਲਬ ਹੈ?

ਉੱਤਰ:

ਸਾਨੂੰ ਯਹੋਵਾ ਆਪਣੇ ਪਰਮੇਸ਼ਵਰ ਤੋਂ ਡਰਨਾ ਤੇ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਲਾਹਨਤਾਂ ਨਾ ਪਾਈਏ, ਐਂਵੇਂ ਸਹੁੰਆਂ ਨਾ ਖਾਈਏ, ਜਾਦੂ–ਟੂਣੇ ਨਾ ਵਰਤੀਏ, ਝੂਠ ਨਾ ਬੋਲੀਏ, ਉਸ ਦੇ ਨਾਮ ’ਤੇ ਧੋਖਾ ਨਾ ਦੇਈਏ; ਸਗੋਂ ਹਰ ਸਮੇਂ ਜ਼ਰੂਰਤ ਪੈਣ ’ਤੇ ਉਸ ਦਾ ਨਾਮ ਲਈਏ , ਉਸ ਦੀ ਤਾਰੀਫ਼ ਕਰੀਏ ਤੇ ਸ਼ੁਕਰਾਨਾ ਅਦਾ ਕਰੀਏ।

ਤੀਜਾ ਹੁਕਮ

ਤੁਸੀਂ ਸਬਤ ਨੂੰ ਪਵਿੱਤਰ ਦਿਨ ਵਜੋਂ ਰੱਖੋਗੇ।

ਇਸ ਦਾ ਕੀ ਮਤਲਬ ਹੈ?

ਉੱਤਰ:

ਸਾਨੂੰ ਯਹੋਵਾ ਆਪਣੇ ਪਰਮੇਸ਼ਵਰ ਤੋਂ ਡਰਨਾ ਤੇ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਮਸੀਹੀ ਪ੍ਰਚਾਰ ਅਤੇ ਉਸ ਦੇ ਵਚਨ ਨੂੰ ਨਿੰਦੀਏ ਨਾ, ਸਗੋਂ ਇਸ ਨੂੰ ਪਾਕ ਮੰਨੀਏ ਅਤੇ ਖੁਸ਼ੀ ਨਾਲ ਇਸ ਨੂੰ ਸੁਣੀਏ ਤੇ ਸਿੱਖੀਏ।

ਚੌਥਾ ਹੁਕਮ

ਤੁਹਾਨੂੰ ਤੁਹਾਡੇ ਪਿਤਾ ਅਤੇ ਮਾਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ। ਤਾਂ ਜੋ ਤੁਸੀਂ ਉਸ ਧਰਤੀ ਤੇ ਭਰਪੂਰ ਜੀਵਨ ਜਿਉਂ ਸਕੋ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।

ਇਸ ਦਾ ਕੀ ਮਤਲਬ ਹੈ?

ਉੱਤਰ:

ਸਾਨੂੰ ਯਹੋਵਾ ਆਪਣੇ ਪਰਮੇਸ਼ਵਰ ਤੋਂ ਡਰਨਾ ਤੇ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਮਾਪਿਆਂ ਅਤੇ ਮਾਲਕਾਂ ਨੂੰ ਨਿੰਦੀਏ ਨਾ ਜਾਂ ਉਨ੍ਹਾਂ ’ਤੇ ਗੁੱਸਾ ਨਾ ਕਰੀਏ, ਸਗੋਂ ਉਨ੍ਹਾਂ ਦਾ ਪੂਰਾ ਆਦਰ–ਸਤਿਕਾਰ ਕਰੀਏ, ਉਨ੍ਹਾਂ ਦੀ ਸੇਵਾ ਕਰੀਏ, ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰੀਏ ਤੇ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਨਾਲ ਰੱਖੀਏ।

ਪੰਜਵਾਂ ਹੁਕਮ

ਤੁਹਾਨੂੰ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ।

ਇਸ ਦਾ ਕੀ ਅਰਥ ਹੈ?

ਉੱਤਰ:

ਸਾਨੂੰ ਯਹੋਵਾ ਆਪਣੇ ਪਰਮੇਸ਼ਵਰ ਤੋਂ ਡਰਨਾ ਤੇ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਗੁਆਂਢੀ ਨੂੰ ਸਰੀਰਕ ਤੌਰ ਉੱਤੇ ਕੋਈ ਨੁਕਸਾਨ ਨਾ ਪਹੁੰਚਾਈਏ, ਸਗੋਂ ਉਸ ਨਾਲ ਦੋਸਤਾਨਾ ਸਬੰਧ ਰੱਖੀਏ ਅਤੇ ਜ਼ਰੂਰਤ ਪੈਣ ’ਤੇ ਜਾਂ ਭੀੜ ਪੈਣ ’ਤੇ ਸਦਾ ਉਸ ਦੀ ਮਦਦ ਕਰੀਏ।

ਛੇਵਾਂ ਹੁਕਮ

ਤੁਹਾਨੂੰ ਵਿਭਚਾਰ ਦਾ ਪਾਪ ਨਹੀਂ ਕਰਨਾ ਚਾਹੀਦਾ।

ਇਸ ਦਾ ਕੀ ਮਤਲਬ ਹੈ?

ਉੱਤਰ:

ਸਾਨੂੰ ਯਹੋਵਾ ਆਪਣੇ ਪਰਮੇਸ਼ਵਰ ਤੋਂ ਡਰਨਾ ਤੇ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਵਿਭਚਾਰ ਨਾ ਕਰੀਏ ਤੇ ਕਹਿਣੀ ਤੇ ਕਰਨੀ ਉੱਤੇ ਪੂਰੇ ਉੱਤਰਦਿਆਂ ਸਦਾ ਨੈਤਿਕ ਜੀਵਨ ਬਿਤਾਈਏ ਅਤੇ ਸਿਰਫ਼ ਆਪਣੇ ਜੀਵਨ–ਸਾਥੀ ਨੂੰ ਹੀ ਪਿਆਰ ਕਰੀਏ ਤੇ ਇੱਕ–ਦੂਜੇ ਦੀ ਕਦਰ ਕਰੀਏ।

ਸੱਤਵਾਂ ਹੁਕਮ

ਤੁਹਾਨੂੰ ਕੋਈ ਚੀਜ਼ ਚੁਰਾਉਣੀ ਨਹੀਂ ਚਾਹੀਦੀ।

ਇਸ ਦਾ ਕੀ ਮਤਲਬ ਹੈ?

ਉੱਤਰ:

ਸਾਨੂੰ ਯਹੋਵਾ ਆਪਣੇ ਪਰਮੇਸ਼ਵਰ ਤੋਂ ਡਰਨਾ ਤੇ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ, ਤਾ ਜੋ ਅਸੀਂ ਆਪਣੇ ਗੁਆਂਢੀ ਦਾ ਧਨ ਜਾਂ ਉਸ ਦੀਆਂ ਵਸਤਾਂ ਨਾ ਲਈਏ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਠੱਗੀ ਜਾਂ ਧੋਖਾਧੜੀ ਕਰੀਏ; ਸਗੋਂ ਉਸ ਦੀਆਂ ਵਸਤਾਂ ਤੇ ਕਾਰੋਬਾਰ ਸੁਧਾਰਨ ਤੇ ਵਧਾਉਣ ਵਿੱਚ ਮਦਦ ਕਰੀਏ ਅਤੇ ਉਸ ਦੀ ਦੌਲਤ ਸੁਰੱਖਿਅਤ ਰੱਖਣ ਵਿੱਚ ਹਰ ਸੰਭਵ ਯੋਗਦਾਨ ਪਾਈਏ ਅਤੇ ਉਸ ਦੀ ਹਾਲਤ ਬਿਹਤਰ ਕਰੀਏ।

ਅੱਠਵਾਂ ਹੁਕਮ

ਤੁਹਾਨੂੰ ਅਦਾਲਤ ਵਿੱਚ ਕਿਸੇ ਦੂਸਰੇ ਵਿਅਕਤੀ ਬਾਰੇ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ

ਇਸ ਦਾ ਕੀ ਮਤਲਬ ਹੈ?

ਉੱਤਰ:

ਸਾਨੂੰ ਯਹੋਵਾ ਆਪਣੇ ਪਰਮੇਸ਼ਵਰ ਤੋਂ ਡਰਨਾ ਅਤੇ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਜਾਣਬੁੱਝ ਕੇ ਆਪਣੇ ਗੁਆਂਢੀ ’ਤੇ ਝੂਠੇ ਦੋਸ਼ ਨਾ ਲਾਈਏ, ਨਾ ਹੀ ਵਿਸ਼ਵਾਸਘਾਤ ਕਰੀਏ, ਨਾ ਹੀ ਬਦਨਾਮ ਕਰੀਏ, ਨਾ ਹੀ ਉਸ ’ਤੇ ਕੋਈ ਤੋਹਮਤਾਂ ਲਾਈਏ, ਸਗੋਂ ਉਸ ਨੂੰ ਸਦਾ ਬਚਾਈਏ ਤੇ ਉਸ ਦਾ ਸਦਾ ਚੰਗਾ ਹੀ ਸੋਚੀਏ ਤੇ ਬੋਲੀਏ ਅਤੇ ਸਭ ਕੁਝ ਬਿਹਤਰੀਨ ਢੰਗ ਨਾਲ ਹੀ ਸਮਝੀਏ ਤੇ ਪ੍ਰਗਟਾਈਏ।

ਨੌਂਵਾਂ ਹੁਕਮ

ਤੁਹਾਨੂੰ ਆਪਣੇ ਗੁਆਂਢੀ ਦੇ ਘਰ ਦੀ ਇੱਛਾ ਨਹੀਂ ਕਰਨੀ ਚਾਹੀਦੀ।

ਇਸ ਦਾ ਕੀ ਮਤਲਬ ਹੈ?

ਉੱਤਰ:

ਸਾਨੂੰ ਯਹੋਵਾ ਆਪਣੇ ਪਰਮੇਸ਼ਵਰ ਤੋਂ ਡਰਨਾ ਅਤੇ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਗੁਆਂਢੀ ਦੀ ਵਿਰਾਸਤ ਜਾਂ ਮਕਾਨ ਨੂੰ ਕਿਸੇ ਸਾਜ਼ਿਸ਼ ਨਾਲ ਹਥਿਆਈਏ ਨਾ, ਕਿਸੇ ਵੀ ਹਾਲਤ ਵਿੱਚ ਅਸੀਂ ਇਨਸਾਫ਼ ਤੇ ਕਾਨੂੰਨੀ ਅਧਿਕਾਰ ਦੇ ਬਹਾਨੇ ਉਸ ਦੇ ਮਕਾਨ ’ਤੇ ਆਪਣਾ ਹੱਕ ਨਾ ਜਮਾਈਏ, ਸਗੋਂ ਉਸ ਦੀ ਮਦਦ ਕਰੀਏ ਅਤੇ ਉਸ ਦੀ ਜਾਇਦਾਦ ਜਾਂ ਪੂੰਜੀ ਨਾ ਘਟੇ, ਇਸ ਲਈ ਸਦਾ ਉਸ ਨਾਲ ਖੜ੍ਹੀਏ।

ਦਸਵਾਂ ਹੁਕਮ

ਤੁਹਾਨੂੰ ਆਪਣੇ ਗੁਆਂਢੀ ਦੇ ਘਰ ਦੀ ਇਛਾ ਨਹੀਂ ਕਰਨੀ ਚਾਹੀਦੀ। ਤੁਹਾਨੂੰ ਤੁਹਾਡੇ ਗੁਆਂਢੀ ਦੀ ਪਤਨੀ, ਉਸਦੇ ਦਾਸ ਜਾਂ ਦਾਸੀਆਂ, ਉਸਦੇ ਬਲਦ ਜਾਂ ਖੋਤੇ ਜਾਂ ਤੁਹਾਡੇ ਗੁਆਂਢੀ ਨਾਲ ਸੰਬੰਧਿਤ ਕਿਸੇ ਵੀ ਚੀਜ਼ ਨੂੰ ਪਾਉਣ ਦੀ ਇਛਾ ਨਹੀਂ ਕਰਨੀ ਚਾਹੀਦੀ।

ਇਸ ਦਾ ਕੀ ਮਤਲਬ ਹੈ?

ਉੱਤਰ:

ਸਾਨੂੰ ਯਹੋਵਾ ਆਪਣੇ ਪਰਮੇਸ਼ਵਰ ਤੋਂ ਡਰਨਾ ਤੇ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ ਕਿ ਤਾਂ ਜੋ ਅਸੀਂ ਆਪਣੇ ਗੁਆਂਢੀ ਦੀ ਪਤਨੀ, ਉਸ ਦੇ ਨੌਕਰਾਂ ਜਾਂ ਪਸ਼ੂਆਂ ਨੂੰ ਹਾਸਲ ਕਰਨ ਲਈ ਨਾ ਹੀ ਜ਼ਬਰਦਸਤੀ ਨਾ ਕਰੀਏ, ਨਾ ਅਗ਼ਵਾ ਕਰੀਏ ਜਾਂ ਲਾਲਚ ਨਾ ਦੇਈਏ, ਸਗੋਂ ਉਨ੍ਹਾਂ ਨੂੰ ਕਾਇਮ ਰਹਿਣ ਲਈ ਆਖੀਏ ਅਤੇ ਉਨ੍ਹਾਂ ਨੂੰ ਆਪਣਾ ਕੰਮ ਧਿਆਨ ਕਰਨ ਲਈ ਆਖੀਏ।

ਸਾਡੇ ਯਹੋਵਾ ਪਰਮੇਸ਼ਵਰ ਇਨ੍ਹਾਂ ਸਾਰੇ ਹੁਕਮਾਂ ਦਾ ਖੁਲਾਸਾ ਕਿਵੇਂ ਕਰਦੇ ਹਨ?

ਉੱਤਰ:

ਉਹ ਕੂਚ 20:5–6 ਵਿੱਚ ਕੁਝ ਇੰਝ ਆਖਦੇ ਹਨ:

ਕਿਸੇ ਤਰ੍ਹਾਂ ਦੇ ਬੁੱਤਾਂ ਦੀ ਉਪਾਸਨਾ ਜਾਂ ਸੇਵਾ ਨਾ ਕਰੋ। ਕਿਉਂ? ਕਿਉਂਕਿ ਮੈਂ, ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ। ਮੈਂ ਆਪਣੇ ਲੋਕਾਂ ਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਦਿਆਂ ਦੇਖਕੇ ਨਫ਼ਰਤ ਕਰਦਾ ਹਾਂ। ਜਿਹੜੇ ਲੋਕ ਮੇਰੇ ਖਿਲਾਫ਼ ਪਾਪ ਕਰਦੇ ਹਨ ਉਹ ਮੇਰੇ ਦੁਸ਼ਮਣ ਬਣ ਜਾਂਦੇ ਹਨ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ। ਅਤੇ ਮੈਂ ਉਨ੍ਹਾਂ ਦੇ ਪੁੱਤਾਂ ਪੋਤਿਆਂ ਅਤੇ ਪੜਪੋਤਿਆਂ ਨੂੰ ਵੀ ਸਜ਼ਾ ਦਿਆਂਗਾ। ਪਰ ਮੈਂ ਉਨ੍ਹਾਂ ਲੋਕਾਂ ਉੱਤੇ ਬਹੁਤ ਮਿਹਰਬਾਨ ਹੋਵਾਂਗਾ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ। ਮੈਂ ਉਨ੍ਹਾਂ ਦੇ ਪਰਿਵਾਰਾਂ ਉੱਪਰ ਹਜ਼ਾਰਾਂ ਪੀੜੀਆਂ ਤੱਕ ਮਿਹਰਬਾਨ ਹੋਵਾਂਗਾ।

ਇਸ ਦਾ ਕੀ ਮਤਲਬ ਹੈ?

ਉੱਤਰ:

ਇਨ੍ਹਾਂ ਸਾਰੇ ਹੁਕਮਾਂ ਦੀ ਉਲੰਘਣਾ ਕਰਨ ਤੋਂ ਮੰਨਣ ਤੋਂ ਇਨਕਾਰ ਕਰਨ ਵਾਲਿਆਂ ਨੂੰ ਯਹੋਵਾ ਪਰਮੇਸ਼ਵਰ ਸਜ਼ਾ ਦੇਣ ਦੀ ਧਮਕੀ ਦਿੰਦੇ ਹਨ। ਇਸ ਲਈ ਸਾਨੂੰ ਉਨ੍ਹਾਂ ਦੇ ਗੁੱਸੇ ਤੋਂ ਡਰਨਾ ਅਤੇ ਖੌਫ਼ ਖਾਣਾ ਚਾਹੀਦਾ ਹੈ ਅਤੇ ਇਨ੍ਹਾਂ ਹੁਕਮਾਂ ਦੇ ਉਲਟ ਕਦੇ ਕੁਝ ਨਹੀਂ ਕਰਨਾ ਚਾਹੀਦਾ। ਪਰ ਨਾਲ ਹੀ ਯਹੋਵਾ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਵਾਲਿਆਂ ’ਤੇ ਮਿਹਰ ਕਰਨ ਤੇ ਹਰ ਤਰ੍ਹਾਂ ਦੀ ਅਸੀਸ ਦੇਣ ਦਾ ਵਾਅਦਾ ਵੀ ਕਰਦੇ ਹਨ। ਇਸ ਲਈ ਸਾਨੂੰ ਆਪਣੇ ਪਰਮੇਸ਼ਵਰ ਨੂੰ ਪਿਆਰ ਵੀ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਉੱਤੇ ਪੂਰਾ ਵਿਸ਼ਵਾਸ ਵੀ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਹੁਕਮਾਂ ਮੁਤਾਬਕ ਆਪਣਾ ਸਾਰਾ ਜੀਵਨ ਉਤਸ਼ਾਹ ਤੇ ਸੂਝ–ਬੂਝ ਨਾਲ ਬਿਤਾਉਣਾ ਚਾਹੀਦਾ ਹੈ।

II. ਮਸੀਹੀ ਸਿਧਾਂਤ

The Creed

ਘਰ ਦੇ ਮੁਖੀ ਨੂੰ ਆਪਣੇ ਪਰਿਵਾਰ ਨੂੰ ਬਹੁਤ ਸਰਲ ਤਰੀਕੇ ਇਹ ਕਿਵੇਂ ਸਮਝਾਉਣਾ ਚਾਹੀਦਾ ਹੈ।

ਪਹਿਲੀ ਧਾਰਾ
ਸਿਰਜਣਾ ਦੀ

ਮੈਂ ਸਰਬਸ਼ਕਤੀਮਾਨ ਪਿਤਾ ਪਰਮੇਸ਼ਵਰ ’ਚ ਵਿਸ਼ਵਾਸ ਕਰਦਾ ਹਾਂ, ਜੋ ਸੁਰਗ ਤੇ ਧਰਤੀ ਦਾ ਰਚਣਹਾਰ ਹੈ।

ਇਸ ਦਾ ਕੀ ਮਤਲਬ ਹੈ?

ਉੱਤਰ:

ਮੇਰਾ ਵਿਸ਼ਵਾਸ ਹੈ ਕਿ ਯਹੋਵਾ ਪਰਮੇਸ਼ਵਰ ਨੇ ਮੈਨੂੰ ਅਤੇ ਸਾਰੇ ਜੀਵਾਂ ਨੂੰ ਰਚਿਆ ਹੈ; ਉਨ੍ਹਾਂ ਮੈਨੂੰ ਮੇਰਾ ਸਰੀਰ ਤੇ ਆਤਮਾ, ਅੱਖਾਂ, ਕੰਨ ਤੇ ਮੇਰੇ ਸਾਰੇ ਹੱਥ–ਪੈਰ ਦਿੱਤੇ ਹਨ, ਅਤੇ ਮੈਂ ਪੂਰੇ ਹੋਸ਼ੋ–ਹਵਾਸ ’ਚ ਹਾਂ ਤੇ ਪੂਰੀ ਤਰ੍ਹਾਂ ਕਾਇਮ ਹਾਂ। ਹਿਸ ਤੋਂ ਇਲਾਵਾ ਪਰਮੇਸ਼ਵਰ ਨੇ ਮੈਨੂੰ ਕੱਪੜੇ, ਜੁੱਤੀਆਂ, ਮਾਸ ਤੇ ਡ੍ਰਿੰਕ, ਮਕਾਨ ਤੇ ਹੋਰ ਜ਼ਮੀਨ–ਜਾਇਦਾਦ, ਪਤਨੀ ਤੇ ਬੱਚੇ, ਖੇਤ, ਪਸ਼ੂ ਅਤੇ ਹੋਰ ਸਾਰੀਆਂ ਵਸਤਾਂ ਦਿੱਤੀਆਂ ਹਨ; ਅਤੇ ਮੈਨੂੰ ਸਭ ਕੁਝ ਬਹੁਤਾਤ ਵਿੱਚ ਦਿੱਤਾ ਹੈ। ਮੈਨੂੰ ਉਹ ਸਭ ਕੁਝ ਮਿਲਦਾ ਹੈ ਜੋ ਮੇਰੇ ਸਰੀਰ ਤੇ ਜ਼ਿੰਦਗੀ ਨੂੰ ਲੋੜੀਂਦਾ ਹੈ। ਉਹੀ ਮੈਨੂੰ ਹਰ ਤਰ੍ਹਾਂ ਦੇ ਖ਼ਤਰੇ ਤੋਂ ਬਚਾਉਂਦੇ ਹਨ ਤੇ ਮੈਨੂੰ ਸਹੀ–ਸਲਾਮਤ ਰੱਖਦੇ ਹਨ ਅਤੇ ਹਰ ਤਰ੍ਹਾਂ ਦੀ ਬੁਰਾਈ ਤੋਂ ਬਚਾ ਕੇ ਰੱਖਦੇ ਹਨ। ਇਹ ਸਭ ਯਹੋਵਾ ਮੇਰੇ ਪਰਮੇਸ਼ਵਰ ਦੀ ਖਾਲਸ, ਪਿਤਾ–ਸਮਾਨ, ਰੂਹਾਨੀ ਚੰਗਿਆਈ ਤੇ ਦਿਆ ਸਦਕਾ ਹੀ ਸੰਭਵ ਹੋਇਆ ਹੈ, ਇਸ ਵਿੱਚ ਮੇਰਾ ਕੋਈ ਯੋਗਦਾਨ ਜਾਂ ਮੇਰੀ ਵਡਿਆਈ ਨਹੀਂ ਹੈ; ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਲਈ, ਮੈਨੂੰ ਯਹੋਵਾ ਆਪਣੇ ਪਰਮੇਸ਼ਵਰ ਦਾ ਤਹਿ–ਦਿਲੋਂ ਧੰਨਵਾਦ ਕਰਨਾ ਚਾਹੀਦਾ ਹੈ, ਉੱਚੀ–ਆਵਾਜ਼ ਵਿੱਚ ਤਾਰੀਫ਼ ਕਰਨੀ ਚਾਹੀਦੀ ਹੈ, ਸੇਵਾ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦਾ ਹਰੇਕ ਹੁਕਮ ਮੰਨਣਾ ਚਾਹੀਦਾ ਹੈ। ਯਕੀਨੀ ਤੌਰ ’ਤੇ ਇਹ ਬਿਲਕੁਲ ਸੱਚ ਹੈ।

ਦੂਜੀ ਧਾਰਾ
ਪਾਪਾਂਜਾਂਗੁਨਾਹਾਂਤੋਂਮੁਕਤੀ

ਸਾਡੇ ਯਹੋਵਾ ਪਰਮੇਸ਼ਵਰ ਦੇ ਇਕਲੌਤੇ ਪੁੱਤਰ ਹਨ ਯਿਸੂ ਮਸੀਹ; ਜੋ ਪਵਿੱਤਰ ਆਤਮਾ ਰਾਹੀਂ ਕੁਆਰੀ ਮਰੀਅਮ ਦੀ ਕੁੱਖੋਂ ਪੈਦਾ ਹੋਏ ਸਨ। ਉਨ੍ਹਾਂ ਪੌਂਤਯੁਸ ਪਿਲਾਤੂਸ ਦੇ ਰਾਜ ਦੌਰਾਨ ਦੁੱਖ ਸਹਿਣ ਕੀਤਾ, ਉਨ੍ਹਾਂ ਨੂੰ ਸਲੀਬ ’ਤੇ ਟੰਗਿਆ ਗਿਆ, ਉਹ ਮੋਏ ਅਤੇ ਉਨ੍ਹਾਂ ਨੂੰ ਦਫ਼ਨਾਇਆ ਗਿਆ। ਉਹ ਨਰਕਾਂ ਤੱਕ ਨੀਂਵੇਂ ਉੱਤਰੇ। ਤੀਸਰੇ ਦਿਨ ਉਹ ਮੁਰਦਿਆਂ ਵਿੱਚੋਂ ਦੋਬਾਰਾ ਜੀਅ ਉੱਠੇ। ਉਹ ਆਕਾਸ਼ ਨੂੰ ਉੱਪਰ ਚੜ੍ਹ ਗਏ ਤੇ ਉਹ ਸਰਬਸ਼ਕਤੀਮਾਨ ਪਿਤਾ–ਪਰਮੇਸ਼ਵਰ ਦੇ ਸੱਜੇ ਹੱਥ ਬਿਰਾਜਮਾਨ ਹਨ। ਉੱਥੋਂ ਉਹ ਜਿਊਂਦਿਆਂ ਤੇ ਮੁਰਦਿਆਂ ਦਾ ਨਿਆਂ ਕਰਨ ਲਈ ਆਉਣਗੇ।

ਇਸ ਦਾ ਕੀ ਮਤਲਬ ਹੈ?

ਉੱਤਰ:

ਮੇਰਾ ਵਿਸ਼ਵਾਸ ਹੈ ਕਿ ਸਾਡੇ ਸੱਚੇ ਪ੍ਰਭੂ ਯਿਸੂ ਮਸੀਹ ਸਦੀਵੀ ਪਿਤਾ ਪਰਮੇਸ਼ਵਰ ਦੇ ਸੱਚੇ–ਸੁੱਚੇ ਪੁੱਤਰ ਹਨ ਜੋ ਕੁਆਰੀ ਮਰੀਅਮ ਦੀ ਕੁੱਖੋਂ ਪੈਦਾ ਹੋਏ, ਉਹੀ ਮੇਰੇ ਮੁਕਤੀਦਾਤਾ ਪ੍ਰਭੂ ਅਤੇ ਜਨਮਦਾਤਾ ਹਨ। ਮੈਂ ਜੋ ਆਪਣੇ ਸਾਰੇ ਪਾਪਾਂ ਸਦਕਾ ਇੱਕ ਗੁਆਚਿਆ ਤੇ ਨਖਿੱਧ ਪ੍ਰਾਣੀ ਸਾਂ, ਉਨ੍ਹਾਂ ਹੀ ਮੈਨੂੰ ਮੌਤ ਤੇ ਸ਼ੈਤਾਨੀ ਕਾਰਿਆਂ ਤੋਂ ਕਿਸੇ ਸੋਨੇ ਜਾਂ ਚਾਂਦੀ ਨਾਲ ਨਹੀਂ; ਸਗੋਂ ਆਪਣੇ ਪਵਿੱਤਰ ਤੇ ਕੀਮਤੀ ਲਹੂ ਨਾਲ ਬਚਾਇਆ। ਉਨ੍ਹਾਂ ਸਾਡੇ ਲਈ ਤਸੀਹੇ ਝੱਲੇ ਤੇ ਸਾਡੇ ਲਈ ਸਲੀਬ ’ਤੇ ਜਾਨ ਦਿੱਤੀ ਤਾਂ ਜੋ ਮੈਂ ਉਨ੍ਹਾਂ ਦੇ ਰਾਜ ਦੇ ਸਦੀਪਕ ਧਰਮ, ਮਾਸੂਮੀਅਤ ਵਿੱਚ ਰਹਿ ਕੇ ਕੰਮ ਤੇ ਸੇਵਾ ਕਰ ਸਕਾਂ ਅਤੇ ਅਸੀਸ ਪਾਉਂਦਾ ਰਹਾਂ; ਜਿਵੇਂ ਉਹ ਮੁਰਦਿਆਂ ਵਿੱਚੋਂ ਜੀਅ ਉੱਠੇ ਅਤੇ ਹੁਣ ਅਸਮਾਨ ’ਚ ਸਦਾ ਲਈ ਰਹਿੰਦੇ ਤੇ ਰਾਜ ਕਰਦੇ ਹਨ। ਯਕੀਨੀ ਤੌਰ ’ਤੇ ਇਹ ਸਭ ਸੱਚ ਹੈ।

ਤੀਜੀ ਧਾਰਾ
ਪਵਿੱਤਰੀਕਰਣਦੀ

ਮੇਰਾ ਵਿਸ਼ਵਾਸ ਪਵਿੱਤਰ ਆਤਮਾ; ਪਵਿੱਤਰ ਕੈਥੋਲਿਕ ਚਰਚ, ਸੰਤਾਂ ਦੇ ਕਮਿਊਨੀਅਨ (ਹਮ–ਖਿਆਲਾਂ ਦਾ ਧਾਰਮਿਕ ਇਕੱਠ), ਗੁਨਾਹਾਂ ਦੀ ਮਾਫੀ; ਸਰੀਰ ਦੇ ਮੁੜ ਜੀਅ ਉੱਠਣ; ਅਤੇ ਸਦੀਪਕ ਜੀਵਨ ਵਿੱਚ ਹੈ। ਆਮੀਨ।

ਇਸ ਦਾ ਕੀ ਮਤਲਬ ਹੈ?

ਉੱਤਰ:

ਮੇਰਾ ਵਿਸ਼ਵਾਸ ਹੈ ਕਿ ਮੈਂ ਆਪਣੇ ਦਮ ’ਤੇ ਆਪਣੇ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਨਹੀਂ ਕਰਨ ਲੱਗਾ ਹਾਂ, ਨਾ ਹੀ ਮੈਂ ਆਪਣੇ ਕਿਸੇ ਕਾਰਣ ਕਰ ਕੇ ਜਾਂ ਆਪਣੀ ਤਾਕਤ ਨਾਲ ਉਨ੍ਹਾਂ ਦੀ ਸ਼ਰਣ ਵਿੱਚ ਆਇਆ ਹਾਂ; ਸਗੋਂ ਇਹ ਪਵਿੱਤਰ ਆਤਮਾ ਹੈ ਜਿਸ ਨੇ ਮੈਨੂੰ ਵਚਨ ਰਾਹੀਂ ਸੱਦਿਆ ਹੈ, ਮੈਨੂੰ ਆਪਣੇ ਤੋਹਫ਼ਿਆਂ ਨਾਲ ਜਾਗਰੂਕ ਕੀਤਾ ਤੇ ਪਵਿੱਤਰ ਕਰ ਕੇ ਸੱਚੇ ਵਿਸ਼ਵਾਸ ਵਿੱਚ ਕਾਇਮ ਰੱਖਿਆ। ਇਸੇ ਤਰ੍ਹਾਂ ਮੇਰੇ ਯਹੋਵਾ ਪਰਮੇਸ਼ਵਰ ਇਸ ਧਰਤੀ ’ਤੇ ਸਮੁੱਚੇ ਮਸੀਹੀ ਚਰਚ ਨੂੰ ਸੱਦਦੇ, ਇਕੱਠਾ ਕਰਦੇ, ਜਾਗਰੂਕ ਕਰਦੇ ਤੇ ਪਵਿੱਤਰ ਕਰਦੇ ਹਨ ਅਤੇ ਸਭ ਨੂੰ ਇੱਕ ਸੱਚੇ ਵਿਸ਼ਵਾਸ ਰਾਹੀਂ ਯਿਸੂ ਮਸੀਹ ਵਿੱਚ ਮਜ਼ਬੂਤੀ ਨਾਲ ਕਾਇਮ ਰੱਖਦੇ ਹਨ। ਇਸ ਮਸੀਹੀ ਚਰਚ ਵਿੱਚ, ਉਹ ਦਿਆਲਤਾ ਨਾਲ ਮੈਨੂੰ ਤੇ ਸਾਰੇ ਵਿਸ਼ਵਾਸੀਆਂ ਨੂੰ ਹਰ ਰੋਜ਼ ਉਨ੍ਹਾਂ ਦੇ ਸਾਰੇ ਪਾਪਾਂ ਤੋਂ ਮਾਫ਼ ਕਰਦੇ ਹਨ; ਅਤੇ ਕਿਆਮਤ ਦੇ ਦਿਨ ਉਹ ਸਾਨੂੰ ਸਭ ਨੂੰ ਤੇ ਉਨ੍ਹਾਂ ਸਭਨਾਂ ਨੂੰ ਮੌਤ ਤੋਂ ਬਚਾ ਕੇ ਚੁੱਕ ਲੈਣਗੇ ਤੇ ਸਦੀਪਕ ਜੀਵਨ ਬਖ਼ਸ਼ਣਗੇ, ਜਿਹੜੇ ਯਿਸੂ ਮਸੀਹ ਵਿੱਚ ਵਿਸ਼ਵਾਸ ਰੱਖਦੇ ਹਨ। ਯਕੀਨੀ ਤੌਰ ’ਤੇ ਇਹ ਬਿਲਕੁਲ ਸੱਚ ਹੈ।

III. ਪਿਤਾ–ਪਰਮੇਸ਼ਵਰ ਦੀ ਪ੍ਰਾਰਥਨਾ

The Lord’s Prayer

ਘਰ ਦਾ ਮੁਖੀ ਆਪਣੇ ਪਰਿਵਾਰ ਨੂੰ ਕਿਵੇਂ ਬਹੁਤ ਸਾਦੇ ਢੰਗ ਨਾਲ ਇਹ ਸਮਝਾਵੇ।

ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ।

ਇਸ ਦਾ ਕੀ ਮਤਲਬ ਹੈ?

ਉੱਤਰ:

ਇਸ ਨਿੱਕੀ ਜਿਹੀ ਜਾਣ–ਪਛਾਣ ਵਿੱਚ ਪਰਮੇਸ਼ਵਰ ਪਿਆਰ ਨਾਲ ਸਾਨੂੰ ਸੱਦਦੇ ਹਨ ਤਾਂ ਜੋ ਅਸੀਂ ਈਮਾਨ ਲਿਆਈਏ ਕਿ ਉਹੀ ਸਾਡਾ ਸੱਚਾ ਪਿਤਾ ਹੈ ਅਤੇ ਅਸੀਂ ਉਨ੍ਹਾਂ ਦੇ ਸੱਚੇ ਬੱਚੇ ਹਾਂ, ਤਾਂ ਜੋ ਅਸੀਂ ਸੰਪੂਰਨ ਵਿਸ਼ਵਾਸ ਨਾਲ ਹੋਰ ਵਧੇਰੇ ਭਰੋਸੇ ਨਾਲ ਉਨ੍ਹਾਂ ਨੂੰ ਸੱਦੀਏ; ਬਿਲਕੁਲ ਉਵੇਂ, ਜਿਵੇਂ ਅਸੀਂ ਪਿਆਰੇ ਬੱਚਿਆਂ ਨੂੰ ਪੂਰੇ ਭਰੋਸੇ ਨਾਲ ਆਪਣੇ ਮਾਪਿਆਂ ਤੋਂ ਕੁਝ ਮੰਗਦਿਆਂ ਵੇਖਦੇ ਹਾਂ।

ਪਹਿਲੀ ਬੇਨਤੀ

ਤੇਰਾ ਨਾਮ ਪਾਕ ਮੰਨਿਆ ਜਾਵੇ।

ਇਸ ਦਾ ਕੀ ਮਤਲਬ ਹੈ?

ਉੱਤਰ:

ਪਿਤਾ–ਪਰਮੇਸ਼ਵਰ ਦਾ ਨਾਮ ਯਕੀਨੀ ਤੌਰ ’ਤੇ ਆਪਣੇ–ਆਪ ’ਚ ਹੀ ਪਵਿੱਤਰ ਹੈ; ਪਰ ਇਸ ਬੇਨਤੀ ’ਚ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਵਰ ਦਾ ਨਾਮ ਸਾਡੇ ਸਭਨਾਂ ਵਿੱਚ ਵੀ ਪਵਿੱਤਰ ਠਹਿਰੇ।

ਇਹ ਕਿਵੇਂ ਕੀਤਾ ਜਾਂਦਾ ਹੈ?

ਉੱਤਰ:

ਜਦੋਂ ਪਰਮੇਸ਼ਵਰ ਦਾ ਵਚਨ ਸ਼ੁੱਧਤਾ ਤੇ ਸੁਹਿਰਦਤਾ ਨਾਲ ਸਿੱਖਿਆ ਤੇ ਸਮਝਿਆ ਜਾਂਦਾ ਹੈ ਅਤੇ ਜਦੋਂ ਅਸੀਂ ਇਸ ਵਚਨ ਅਨੁਸਾਰ ਪਵਿੱਤਰ ਜੀਵਨ ਜਿਊਂਦੇ ਹਾਂ, ਜਿਵੇਂ ਕਿ ਪਰਮੇਸ਼ਵਰ ਦੇ ਬੱਚਿਆਂ ਨੂੰ ਕਰਨਾ ਚਾਹੀਦਾ ਹੈ। ਪ੍ਰਵਾਨ ਕਰੋ ਕਿ ਅਜਿਹਾ ਹੋਵੇ, ਸਾਡੀ ਮਦਦ ਕਰੋ, ਸਾਡੇ ਪਿਆਰੇ ਸਵਰਗੀ ਪਿਤਾ! ਪਰ ਜੇ ਕੋਈ ਪਰਮੇਸ਼ਵਰ ਦਾ ਵਚਨ ਸਿੱਖ ਕੇ ਵੀ ਉਸ ਦੇ ਉਲਟ ਚੱਲਦਾ ਹੈ ਤਾਂ ਸਾਡੇ ਵਿੱਚੋਂ ਉਹ ਪਰਮੇਸ਼ਵਰ ਦੇ ਨਾਮ ਨੂੰ ਅਪਵਿੱਤਰ ਕਰਦਾ ਹੈ। ਪਰ ਹੇ ਸਵਰਗੀ ਪਿਤਾ, ਅਜਿਹਾ ਨਾ ਹੀ ਹੋਵੇ, ਅਜਿਹਾ ਹੋਣ ਤੋਂ ਰੋਕੋ!

ਦੂਜੀ ਬੇਨਤੀ

ਤੇਰਾ ਰਾਜ ਆਵੇ।

ਇਸ ਦਾ ਕੀ ਮਤਲਬ ਹੈ?

ਉੱਤਰ:

ਪਰਮੇਸ਼ਵਰ ਦਾ ਰਾਜ ਸਾਡੀ ਪ੍ਰਾਰਥਨਾ ਤੋਂ ਬਗ਼ੈਰ ਆਪੇ ਵੀ ਆਉਂਦਾ ਹੈ; ਪਰ ਅਸੀਂ ਇਸ ਬੇਨਤੀ ਵਿੱਚ ਪ੍ਰਾਰਥਨਾ ਕਰਦੇ ਹਾਂ ਕਿ ਇਹ ਰਾਜ ਸਾਡੇ ’ਤੇ ਵੀ ਆਵੇ।

ਇਹ ਕਿਵੇਂ ਹੁੰਦਾ ਹੈ?

ਉੱਤਰ:

ਜਦੋਂ ਸਾਡੇ ਸਵਰਗੀ ਪਿਤਾ ਸਾਨੂੰ ਪਵਿੱਤਰ ਆਤਮਾ ਬਖ਼ਸ਼ਦੇ ਹਨ ਕਿ ਉਨ੍ਹਾਂ ਦੀ ਮਿਹਰ ਨਾਲ ਇਹ ਰਾਜ ਆਵੇ ਤੇ ਅਸੀ ਪਵਿੱਤਰ ਵਚਨ ਵਿੱਚ ਵਿਸ਼ਵਾਸ ਰੱਖੀਏ ਤੇ ਇੱਥੇ ਇਸ ਸਮੇਂ ਅਤੇ ਬਾਅਦ ’ਚ ਸਦੀਪਕ ਜੀਵਨ ਜਿਊਣ ਵੇਲੇ ਵੀ ਪਰਮੇਸ਼ਵਰ ਦੀ ਮਰਜ਼ੀ ਮੁਤਾਬਕ ਹੀ ਜੀਵਨ ਜੀਵੀਏ।

ਤੀਜੀ ਬੇਨਤੀ

ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਵੀ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ।

ਇਸ ਦਾ ਕੀ ਮਤਲਬ ਹੈ?

ਉੱਤਰ:

ਪਰਮੇਸ਼ਵਰ ਦੀ ਮਰਜ਼ੀ ਨਾਲ ਉਨ੍ਹਾਂ ਦੀ ਮਿਹਰ ਸਾਡੀ ਪ੍ਰਾਰਥਨਾ ਤੋਂ ਬਗ਼ੈਰ ਵੀ ਮਿਲਦੀ ਹੈ; ਪਰ ਇਸ ਬੇਨਤੀ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅਜਿਹੀ ਮਿਹਰ ਸਾਡੇ ਵਿਚਕਾਰ ਵੀ ਹੋਵੇ।

ਇਹ ਕਿਵੇਂ ਹੁੰਦਾ ਹੈ?

ਉੱਤਰ:

ਜਦੋਂ ਪਰਮੇਸ਼ਵਰ ਹਰੇਕ ਮਾੜੀ ਤੇ ਸ਼ੈਤਾਨੀ ਇੱਛਾ ਵਾਲੀ, ਸੰਸਾਰਕ ਤੇ ਸਰੀਰਕ ਯੋਜਨਾ, ਅਜਿਹੀ ਇੱਛਾ ਤੇ ਕੋਸ਼ਿਸ਼ ਨੂੰ ਪੂਰੀ ਨਹੀਂ ਹੋਣ ਦਿੰਦੇ ਤੇ ਉਸ ਵਿੱਚ ਵਿਘਨ ਪਾਉਂਦੇ ਹਨ ਕਿ ਜੋ ਸਾਨੂੰ ਪਰਮੇਸ਼ਵਰ ਦੇ ਪਵਿੱਤਰ ਨਾਮ ਤੋਂ ਵਰਜੇ, ਉਸ ਦਾ ਰਾਜ ਸਾਡੇ ਵੱਲ ਆਉਣ ਤੋਂ ਰੋਕਦੀ ਹੋਵੇ; ਤਦ ਜਦੋਂ ਉਹ ਸਾਨੂੰ ਸਾਡੇ ਜੀਵਨ ਦੇ ਅੰਤ ਤੱਕ ਆਪਣੇ ਵਚਨ ਤੇ ਵਿਸ਼ਵਾਸ ਵਿੱਚ ਮਜ਼ਬੂਤ ਤੇ ਦ੍ਰਿੜ੍ਹ ਬਣਾਉਂਦੇ ਹਨ। ਇਹ ਪਰਮੇਸ਼ਵਰ ਦੀ ਚੰਗਿਆਈ ਤੇ ਉਨ੍ਹਾਂ ਦੀ ਮਿਹਰ ਭਰੀ ਇੱਛਾ ਹੈ।

ਚੌਥੀ ਬੇਨਤੀ

ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦਿਹ।

ਇਸ ਦਾ ਕੀ ਮਤਲਬ ਹੈ?

ਉੱਤਰ:

ਪਰਮੇਸ਼ਵਰ ਯਕੀਨੀ ਤੌਰ ’ਤੇ ਹਰੇਕ ਨੂੰ ਸਾਡੀ ਪ੍ਰਾਰਥਨਾ ਤੋਂ ਬਗ਼ੈਰ ਵੀ ਰੋਜ਼ ਦੀ ਰੋਟੀ ਦਿੰਦੇ ਹਨ, ਇੱਥੋਂ ਤੱਕ ਕਿ ਮਾੜੇ ਵਿਅਕਤੀਆਂ ਨੂੰ ਵੀ ਦਿੰਦੇ ਹਨ; ਪਰ ਅਸੀਂ ਇਸ ਬੇਨਤੀ ਵਿੱਚ ਪ੍ਰਾਰਥਨਾ ਕਰਦੇ ਹਾਂ ਕਿ ਤਾਂ ਜੋ ਅਸੀਂ ਇਸ ਅਸੀਸ ਦਾ ਜਵਾਬ ਦੇ ਸਕੀਏ ਤੇ ਸਾਨੂੰ ਰੋਜ਼ ਦੀ ਰੋਟੀ ਮਿਲਣ ’ਤੇ ਸ਼ੁਕਰਗੁਜ਼ਾਰੀ ਕਰ ਸਕੀਏ।

ਰੋਜ਼ ਦੀ ਰੋਟੀ ਤੋਂ ਕੀ ਮਤਲਬ ਹੈ?

ਉੱਤਰ:

ਇਸ ਦਾ ਮਤਲਬ ਹੈ ਕਿ ਸਾਡੇ ਜੀਵਨ ਦੀਆਂ ਜ਼ਰੂਰਤਾਂ ਮੁਤਾਬਕ ਸਭ ਕੁਝ ਜੋ ਵੀ ਸਾਡੀ ਦੇਖਭਾਲ ਲਈ ਮਿਲਦਾ ਹੈ; ਜਿਵੇਂ ਖਾਣਾ, ਪੀਣਾ, ਕੱਪੜੇ, ਜੁੱਤੀਆਂ, ਮਕਾਨ ਤੇ ਹੋਰ ਜਾਇਦਾਦ, ਖੇਤ, ਪਸ਼ੂ, ਧਨ, ਦੌਲਤ, ਇੱਕ ਚੰਗੀ ਪਤਨੀ, ਵਧੀਆ ਬੱਚੇ, ਈਮਾਨਦਾਰ ਸੇਵਕ, ਈਮਾਨਦਾਰ ਤੇ ਵਿਸ਼ਵਾਸਪਾਤਰ ਮੈਜਿਸਟ੍ਰੇਟਸ, ਸਥਿਰ ਸਰਕਾਰ, ਚੰਗਾ ਮੌਸਮ, ਅਮਨ, ਤੰਦਰੁਸਤੀ, ਅਨੁਸ਼ਾਸਨ, ਇੱਜ਼ਤ, ਚੰਗੇ ਦੋਸਤ, ਵਿਸ਼ਵਾਸਪਾਤਰ ਗੁਆਂਢੀ ਤੇ ਅਜਿਹੀਆਂ ਹੋਰ ਸਾਰੀਆਂ ਚੀਜ਼ਾਂ।

ਪੰਜਵੀਂ ਬੇਨਤੀ

ਅਤੇ ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।

ਇਸ ਦਾ ਕੀ ਮਤਲਬ ਹੈ?

ਉੱਤਰ:

ਇਸ ਬੇਨਤੀ ਵਿੱਚ ਅਸੀਂ ਇਹ ਆਸ ਰੱਖਦੇ ਹਾਂ ਕਿ ਸਾਡਾ ਸਵਰਗੀ ਪਿਤਾ ਸਾਡੇ ਪਾਪਾਂ ਦੀ ਜਾਂਚ–ਪੜਤਾਲ ਨਹੀਂ ਕਰੇਗਾ ਤੇ ਉਨ੍ਹਾਂ ਕਰਕੇ ਸਾਡੀ ਪ੍ਰਾਰਥਨਾ ਨੂੰ ਰੱਦ ਵੀ ਨਹੀਂ ਕਰੇਗਾ; ਕਿਉਂਕਿ ਅਸੀਂ ਜੋ ਵੀ ਚੀਜ਼ਾਂ ਮੰਗਦੇ ਹਾਂ ਅਸੀਂ ਉਨ੍ਹਾਂ ਵਿੱਚੋਂ ਕਿਸੇ ਦੇ ਵੀ ਯੋਗ ਨਹੀਂ ਹਾਂ ਤੇ ਨਾ ਹੀ ਅਸੀਂ ਕਿਸੇ ਤਰ੍ਹਾਂ ਉਨ੍ਹਾਂ ਨੂੰ ਕਮਾ ਸਕਦੇ ਹਾਂ। ਉਂਝ ਅਸੀਂ ਇਹ ਆਸ ਰੱਖਾਂਗੇ ਕਿ ਉਨ੍ਹਾਂ ਦੀ ਮਿਹਰ ਤੇ ਚੰਗਿਆਈ ਸਦਕਾ ਇਹ ਸਭ ਉਹ ਸਾਨੂੰ ਦੇਣਗੇ; ਹਰ ਰੋਜ਼ ਅਸੀਂ ਕਈ ਤਰ੍ਹਾਂ ਦੇ ਪਾਪ ਕਰਦੇ ਹਾਂ, ਇਸੇ ਲਈ ਸਾਨੂੰ ਸੱਚਮੁਚ ਸਜ਼ਾ ਤੋਂ ਇਲਾਵਾ ਹੋਰ ਕੁਝ ਮਿਲਣਾ ਹੀ ਨਹੀਂ ਚਾਹੀਦਾ। ਇਸੇ ਲਈ ਜਿਨ੍ਹਾਂ ਨੇ ਸਾਡੇ ਵਿਰੁੱਧ ਕੋਈ ਧਰੋਹ ਕਮਾਇਆ ਹੈ ਤੇ ਪਾਪ ਕੀਤੇ ਹਨ, ਅਸੀਂ ਉਨ੍ਹਾਂ ਨੂੰ ਤਹਿ–ਦਿਲੋਂ ਮਾਫ਼ ਕਰੀਏ ਅਤੇ ਬੁਰਾਈ ਦੇ ਬਦਲੇ ਚੰਗਿਆਈ ਹੀ ਮੋੜ ਕੇ ਦੇਈਏ।

ਛੇਵੀਂ ਬੇਨਤੀ

ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ।

ਇਸ ਦਾ ਕੀ ਮਤਲਬ ਹੈ?

ਉੱਤਰ: 

ਬੇਸ਼ੱਕ, ਪਰਮੇਸ਼ਵਰ ਕਦੇ ਕਿਸੇ ਨੂੰ ਲਾਲਚ ਨਹੀਂ ਦਿੰਦੇ। ਪਰ ਇਸ ਬੇਨਤੀ ’ਚ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤਾਂ ਜੋ ਪ੍ਰਭੂ ਸਾਡੀ ਰਾਖੀ ਕਰਨ ਤੇ ਸਾਨੂੰ ਬਚਾਉਣ, ਤਾਂ ਜੋ ਸ਼ੈਤਾਨ, ਇਹ ਦੁਨੀਆ ਤੇ ਸਾਡਾ ਇਹ ਹੱਡ–ਮਾਸ ਦਾ ਸਰੀਰ ਸਾਨੂੰ ਧੋਖਾ ਨਾ ਦੇ ਦੇਵੇ, ਅਸੀਂ ਸੱਚਾ ਵਿਸ਼ਵਾਸ ਕਦੇ ਨਾ ਤਿਆਗੀਏ ਤੇ ਖੁਦ ਨੂੰ ਵਹਿਮਾਂ–ਭਰਮਾਂ, ਅਵਿਸ਼ਵਾਸਾਂ, ਨਿਰਾਸ਼ਾ ਤੇ ਹੋਰ ਜੁਰਮਾਂ ਤੇ ਨੈਤਿਕ ਸ਼ਿਕੰਜਿਆਂ ਵਿੱਚ ਨਾ ਫਸਾ ਲਈਏ, ਖਾਸ ਤੌਰ ’ਤੇ ਜਦੋਂ ਵੀ ਕਦੇ ਸਾਡਾ ਸਾਹਮਣਾ ਅਜਿਹੇ ਪਰਤਾਵਿਆਂ ਨਾਲ ਹੋਵੇ, ਤਾਂ ਅਸੀਂ ਕਿਤੇ ਹਾਰ ਨਾ ਜਾਈਏ, ਸਗੋਂ ਆਖ਼ਰ ਉਨ੍ਹਾਂ ਉੱਤੇ ਅਸੀਂ ਕਾਬੂ ਪਾ ਲਈਏ ਤੇ ਸਾਡੀ ਜਿੱਤ ਹੋਵੇ।

ਸੱਤਵੀਂ ਬੇਨਤੀ

ਸਗੋਂ ਬੁਰਿਆਈ ਤੋਂ ਬਚਾ।

ਇਸ ਦਾ ਕੀ ਮਤਲਬ ਹੈ?

ਉੱਤਰ:

ਇਸ ਬੇਨਤੀ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ, ਜਿਵੇਂ ਕਿ ਸੰਖੇਪ ਵਿੱਚ, ਕਿ ਸਾਡਾ ਅਸਮਾਨੀ–ਬਾਪ ਸਰੀਰ ਤੇ ਆਤਮਾ, ਹੋਰ ਚੀਜ਼ਾਂ ਤੇ ਇੱਜ਼ਤ–ਮਾਣ ਦੀਆਂ ਸਾਰੀਆਂ ਬੁਰਾਈਆਂ ਤੇ ਖ਼ਤਰਿਆਂ ਤੋਂ ਸਾਨੂੰ ਬਚਾਵੇ ਅਤੇ ਅੰਤ ਵਿੱਚ ਜਦੋਂ ਮੌਤ ਦੀ ਘੜੀ ਆਵੇ ਤੇ ਸਾਡੇ ਜੀਵਨ ਦਾ ਅੰਤ ਵੀ ਧੰਨ ਹੋਵੇ ਅਤੇ ਪਰਮੇਸ਼ਵਰ ਆਪਣੀ ਮਿਹਰ ਤੇ ਚੰਗਿਆਈ ਨਾਲ ਸਾਨੂੰ ਅੱਥਰੂਆਂ ਤੇ ਦੁਖਾਂ ਦੀ ਇਸ ਵਾਦੀ ’ਚੋਂ ਸਿੱਧੇ ਸੁਰਗਾਂ ’ਚ ਲੈ ਜਾਣ।

ਕਿਉਂਕਿ ਇਹ ਬਾਦਸ਼ਾਹਤ ਅਤੇ ਤਾਕਤ ਅਤੇ ਮਹਿਮਾ ਸਦਾ–ਸਦਾ ਲਈ ਤੇਰੇ ਹੀ ਹਨ।

ਆਮੀਨ।

ਇਸ ਦਾ ਕੀ ਮਤਲਬ ਹੈ?

ਉੱਤਰ:

‘ਆਮੀਨ’ ਦਾ ਮਤਲਬ ਹੈ ਕਿ ਮੈਨੂੰ ਪੱਕਾ ਹੋਣਾ ਚਾਹੀਦਾ ਹੈ ਕਿ ਇਹ ਬੇਨਤੀਆਂ ਸਾਡੇ ਸੁਰਗੀ ਪਿਤਾ ਵੱਲੋਂ ਸੁਣੀਆਂ ਜਾਣ ਤੇ ਪ੍ਰਵਾਨ ਹੋਣ; ਕਿਉਂਕਿ ਉਨ੍ਹਾਂ ਖੁਦ ਹੀ ਸਾਨੂੰ ਇਸ ਤਰੀਕੇ ਪ੍ਰਾਰਥਨਾ ਕਰਨ ਦਾ ਹੁਕਮ ਕੀਤਾ ਹੈ ਅਤੇ ਵਾਅਦਾ ਕੀਤਾ ਹੈ ਕਿ ਉਹ ਸਾਨੂੰ ਸੁਣਨਗੇ। ‘ਆਮੀਨ, ਆਮੀਨ’, ਭਾਵ: ‘ਸੱਚਮੁੱਚ, ਪੱਕੇ ਤੌਰ ’ਤੇ ਅਜਿਹਾ ਹੀ ਹੋਵੇ।’

IV. ਪਵਿੱਤਰ ਬਪਤਿਸਮਾ ਦੀ ਮਸੀਹੀ ਰੀਤ

The Sacrament of Holy Baptism

ਘਰ ਦੇ ਮੁਖੀ ਨੂੰ ਕਿਵੇਂ ਆਪਣੇ ਪਰਿਵਾਰ ਨੂੰ ਬਹੁਤ ਸਰਲ ਤਰੀਕੇ ਨਾਲ ਇਹ ਸਮਝਾਉਣਾ ਚਾਹੀਦਾ ਹੈ।

ਪਹਿਲਾ

ਬਪਤਿਸਮਾ ਕੀ ਹੈ?

ਉੱਤਰ:

ਬਪਤਿਸਮਾ ਕੋਈ ਆਮ ਸਾਧਾਰਣ ਪਾਣੀ ਨਹੀਂ ਹੈ ਪਰ ਇਹ ਪਿਤਾ–ਪਰਮੇਸ਼ਵਰ ਦੇ ਹੁਕਮ ਵਾਲਾ ਪਾਣੀ ਹੈ ਤੇ ਪਰਮੇਸ਼ਵਰ ਦੇ ਵਚਨ ਨਾਲ ਜੁੜਿਆ ਹੋਇਆ ਹੈ।

ਪਰਮੇਸ਼ਵਰ ਦਾ ਵਚਨ ਕੀ ਹੈ?

ਉੱਤਰ:

ਜਦੋਂ ਸਾਡੇ ਪ੍ਰਭੂ ਯਿਸੂ ਮਸੀਹ ਮੱਤੀ 28:19 ’ਚ ਕਹਿੰਦੇ ਹਨ:

‘ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ।‘

ਦੂਜਾ

ਬਪਤਿਸਮਾ ਲੈਣ ਨਾਲ ਕੀ ਮਿਲਦਾ ਹੈ ਜਾਂ ਇਸ ਤੋਂ ਕੀ ਲਾਭ ਹੈ?

ਉੱਤਰ:

ਇਸ ਨਾਲ ਪਾਪਾਂ ਦੀ ਮਾਫ਼ੀ ਮਿਲਦੀ ਹੈ, ਮੌਤ ਅਤੇ ਸ਼ੈਤਾਨ ਤੋਂ ਬਚਾਅ ਹੁੰਦਾ ਹੈ ਅਤੇ ਜੋ ਵੀ ਇਸ ’ਚ ਵਿਸ਼ਵਾਸ ਕਰਦਾ ਹੈ, ਉਹ ਇੱਕ ਤੇ ਸਭਨਾਂ ਨੂੰ ਸਦੀਵੀ ਮੁਕਤੀ ਮਿਲਦੀ ਹੈ, ਜਿਵੇਂ ਕਿ ਪਰਮੇਸ਼ਨ ਦੇ ਵਚਨਾਂ ਤੇ ਵਾਅਦਿਆਂ ਵਿੱਚ ਐਲਾਨ ਕੀਤਾ ਗਿਆ ਹੈ।

ਪਰਮੇਸ਼ਵਰ ਦੇ ਉਹ ਵਚਨ ਤੇ ਵਾਅਦੇ ਕੀ ਹਨ?

ਉੱਤਰ:

ਜਦੋਂ ਸਾਡੇ ਪ੍ਰਭੂ ਯਿਸੂ ਮਸੀਹ ਮਰਕੁਸ 16:16 ਵਿੱਚ ਕਹਿੰਦੇ ਹਨ:

‘ਜਿਹੜਾ ਨਿਹਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ’

ਤੀਜਾ

ਪਾਣੀ ਅਜਿਹੀਆਂ ਮਹਾਨ ਚੀਜ਼ਾਂ ਕਿਵੇਂ ਕਰ ਸਕਦਾ ਹੈ?

ਉੱਤਰ:

ਪਾਣੀ ਨਿਸ਼ਚਤ ਤੌਰ ’ਤੇ ਅਜਿਹੀਆਂ ਮਹਾਨ ਚੀਜ਼ਾਂ ਨਹੀਂ ਕਰਦਾ, ਪਰ ਪਰਮੇਸ਼ਵਰ ਦਾ ਵਚਨ, ਜੋ ਪਾਣੀ ਦੇ ਵਿੱਚ ਹੈ ਤੇ ਇਸ ਦੇ ਨਾਲ ਹੈ; ਅਤੇ ਵਿਸ਼ਵਾਸ ਤੇ ਪਰਮੇਸ਼ਵਰ ਦਾ ਵਚਨ ਪਾਣੀ ਵਿੱਚ ਹੁੰਦਾ ਹੈ। ਕਿਉਂਕਿ ਪਰਮੇਸ਼ਵਰ ਦੇ ਵਚਨ ਤੋਂ ਬਗ਼ੈਰ ਪਾਣੀ ਸਿਰਫ਼ ਆਮ ਪਾਣੀ ਹੈ ਤੇ ਕੋਈ ਬਪਤਿਸਮਾ ਨਹੀਂ ਹੈ। ਪਰ ਪਰਮੇਸ਼ਵਰ ਦੇ ਵਚਨ ਨਾਲ ਇਹ ਇੱਕ ਬਪਤਿਸਮਾ ਹੈ, ਭਾਵ ਜੀਵਨ ਦਾ ਮਿਹਰ ਭਰਿਆ ਪਾਣੀ ਅਤੇ ਪਵਿੱਤਰ ਆਤਮਾ ਵਿੱਚ ਪੁਨਰਉੱਥਾਨ ਦੀ ਧੁਲਾਈ ਹੈ, ਜਿਵੇਂ ਤੀਤੁਸ 3:4–7 ਵਿੱਚ ਪੌਲੂਸ ਰਸੂਲ ਆਖਦੇ ਹਨ:

‘ਪਰ ਜਾਂ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਦਿਆਲਗੀ ਅਤੇ ਪ੍ਰੇਮ ਜੋ ਮਨੁੱਖਾਂ ਨਾਲ ਸੀ ਪਰਗਟ ਹੋਇਆ। ਤਾਂ ਉਸ ਨੇ ਉਨ੍ਹਾਂ ਧਰਮ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ ਸਗੋਂ ਆਪਣੇ ਰਹਮ ਦੇ ਅਨੁਸਾਰ ਨਵੇਂ ਜਨਮ ਦੇ ਅਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ। ਜਿਹ ਨੂੰ ਉਸ ਨੇ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਬਹੁਤ ਕਰਕੇ ਵਹਾ ਦਿੱਤਾ। ਭਈ ਅਸੀਂ ਉਹ ਦੀ ਕਿਰਪਾ ਨਾਲ ਧਰਮੀ ਠਹਿਰ ਕੇ ਆਸ ਦੇ ਅਨੁਸਾਰ ਸਦੀਪਕ ਜੀਵਨ ਦੇ ਅਧਕਾਰੀ ਹੋਈਏ।’

ਚੌਥਾ

ਪਾਣੀ ਨਾਲ ਬਪਤਿਸਮਾ ਕੀ ਦਰਸਾਉਂਦਾ ਹੈ?

ਉੱਤਰ:

ਇਹ ਦਰਸਾਉਂਦਾ ਹੈ ਕਿ ਪੁਰਾਣਾ ਆਦਮ ਹਾਲੇ ਵੀ ਸਾਡੇ ਅੰਦਰ ਹੈ, ਇਸ ਲਈ ਸਾਨੂੰ ਰੋਜ਼ਾਨਾ ਆਤਮ–ਸੰਜਮ ਤੇ ਪਛਤਾਵੇ ਰਾਹੀਂ ਪਾਣੀ ਵਿੱਚ ਡੁੱਬ ਕੇ ਆਪਣੇ ਸਾਰੇ ਪਾਪਾਂ ਅਤੇ ਸ਼ੈਤਾਨੀ ਇੱਛਾਵਾਂ ਸਮੇਤ ਮਰ ਜਾਣਾ ਚਾਹੀਦਾ ਹੈ ਕਿ ਤਾਂ ਜੋ ਨਵਾਂ ਮਨੁੱਖ ਰੋਜ਼ਾਨਾ ਉੱਠ ਕੇ ਬਾਹਰ ਆਵੇ ਅਤੇ ਪਰਮੇਸ਼ਵਰ ਸਾਹਮਣੇ ਸਦਾ ਲਈ ਧਾਰਮਿਕ ਪਵਿੱਤਰਤਾ ਤੇ ਸ਼ੁੱਧਤਾ ਵਿੱਚ ਜੀਵੇ।

ਇਹ ਕਿੱਥੇ ਲਿਖਿਆ ਹੈ?

ਉੱਤਰ:

ਪੌਲੂਸ ਰਸੂਲ ਰੋਮੀਆਂ 6:4 ਵਿੱਚ ਕਹਿੰਦੇ ਹਨ:

‘ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹ ਦੇ ਨਾਲ ਦੱਬੇ ਗਏ ਤਾਂ ਜੋ ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ।’

V. ਗੁਨਾਹ ਦਾ ਇਕਬਾਲ

Confession

ਆਮ ਲੋਕਾਂ ਨੂੰ ਹਦਾਇਤ ਕਿਵੇਂ ਦੇਣੀ ਚਾਹੀਦੀ ਹੈ।

ਗੁਨਾਹ ਭਾਵ ਪਾਪ ਦਾ ਇਕਬਾਲ ਕੀ ਹੈ?

ਉੱਤਰ:

ਗੁਨਾਹ ਦੇ ਇਕਬਾਲ ਦੇ ਦੋ ਹਿੱਸੇ ਹੁੰਦੇ ਹਨ: ਪਹਿਲਾ ਹੈ ਗੁਨਾਹਾਂ ਦਾ ਇਕਬਾਲ ਅਤੇ ਦੂਜਾ ਹੈ ਮੁਕਤੀ ਦੀ ਪ੍ਰਾਪਤੀ ਜਾਂ ਪਾਦਰੀ ਜਾਂ ਯਿਸੂ ਮਸੀਹ ਦੇ ਸੁਸਮਾਚਾਰ ਦੇ ਪ੍ਰਚਾਰਕ ਤੋਂ ਮਾਫ਼ੀ, ਜਿਵੇਂ ਪਰਮੇਸ਼ਵਰ ਖੁਦ ਕਰਦੇ ਹਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ, ਸਗੋਂ ਇਹ ਪੱਕਾ ਵਿਸ਼ਵਾਸ ਹੈ ਕਿ ਸੁਰਗੀ ਪਰਮੇਸ਼ਵਰ ਸਾਹਮਣੇ ਉਸ ਮੁਕਤੀ ਰਾਹੀਂ ਗੁਨਾਹਾਂ ਦੀ ਮਾਫ਼ੀ ਮਿਲ ਗਈ ਹੈ।

ਸਾਨੂੰ ਕਿਹੜੇ ਗੁਨਾਹਾਂ ਦਾ ਇਕਬਾਲ ਕਰਨਾ ਚਾਹੀਦਾ ਹੈ?

ਉੱਤਰ:

ਪ੍ਰਭੂ–ਪਰਮੇਸ਼ਵਰ ਸਾਹਮਣੇ ਸਾਨੂੰ ਸਾਰੇ ਗੁਨਾਹ ਮੰਨ ਲੈਣੇ ਚਾਹੀਦੇ ਹਨ, ਉਹ ਗੁਨਾਹ ਵੀ ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ, ਜਿਵੇਂ ਕਿ ਅਸੀਂ ਪਰਮੇਸ਼ਵਰ ਦੀ ਪ੍ਰਾਰਥਨਾ ’ਚ ਕਰਦੇ ਹਾਂ। ਪਾਦਰੀ ਸਾਹਿਬ ਸਾਹਮਣੇ, ਭਾਵੇਂ, ਸਾਨੂੰ ਉਹੀ ਗੁਨਾਹ ਮੰਨਣੇ ਚਾਹੀਦੇ ਹਨ ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ ਅਤੇ ਜਿਨ੍ਹਾਂ ਬਾਰੇ ਅਸੀਂ ਆਪਣੇ ਦਿਲਾਂ ਵਿੱਚ ਮਹਿਸੂਸ ਕਰਦੇ ਹਾਂ।

ਇਹ ਕਿਹੜੇ ਹਨ?

ਉੱਤਰ:

ਇੱਥੇ ਹਰੇਕ ਵਿਅਕਤੀ ਖੁਦ ਨੂੰ ਦਸ ਹੁਕਮਾਂ ਮੁਤਾਬਕ ਜੀਵਨ ਦੇ ਮੁਕਾਮ ’ਤੇ ਸਮਝੇ: ਤੁਸੀਂ ਭਾਵੇਂ ਇੱਕ ਪਿਤਾ ਹੋ, ਇੱਕ ਮਾਤਾ, ਇੱਕ ਪੁੱਤਰ, ਇੱਕ ਧੀ, ਮਕਾਨ ਦੇ ਮਾਲਕ ਜਾਂ ਮਾਲਕਣ, ਜਾਂ ਇੱਕ ਸੇਵਕ ਹੋ; ਤੁਸੀਂ ਚਾਹੇ ਆਗਿਆਕਾਰੀ ਨਹੀਂ ਹੋ, ਬੇਵਫ਼ਾ ਹੋ ਜਾਂ ਲਾਪਰਵਾਹ ਹੋ; ਚਾਹੇ ਤੁਸੀਂ ਆਪਣੇ ਬੋਲਾਂ ਜਾਂ ਕੰਮਾਂ ਨਾਲ ਕਿਸੇ ਦਾ ਦਿਲ ਦੁਖਾਇਆ ਹੈ; ਤੁਸੀਂ ਭਾਵੇਂ ਕੁਝ ਚੋਰੀ ਕੀਤਾ ਹੈ, ਲਾਪਰਵਾਹੀ ਕੀਤੀ ਹੈ ਜਾਂ ਕੁਝ ਅਜਾਈਂ ਗੁਆਇਆ ਹੈ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਇਆ ਹੈ।

ਆਮ ਲੋਕਾਂ ਲਈ

ਗੁਨਾਹਾਂ ਦੇ ਇਕਬਾਲ ਦੀ ਇੱਕ ਛੋਟੀ ਕਿਸਮ

ਤੁਹਾਨੂੰ ਪਾਦਰੀ ਸਾਹਿਬ ਨੂੰ ਇੰਝ ਬੋਲਣਾ ਚਾਹੀਦਾ ਹੈ:

ਸਤਿਕਾਰਯੋਗ ਫ਼ਾਦਰ, ਮੈਂ ਤੁਹਾਨੂੰ ਬੇਨਤੀ ਕਰਦਾ/ਕਰਦੀ ਹਾਂ ਕਿ ਤੁਸੀਂ ਮੇਰੇ ਗੁਨਾਹ ਦਾ ਇਕਬਾਲ ਸੁਣ ਲਵੋ ਅਤੇ ਪਰਮੇਸ਼ਵਰ ਦੀ ਮਰਜ਼ੀ ਲਈ ਮੈਨੂੰ ਮਾਫ਼ੀ ਦਾ ਐਲਾਨ ਕਰੋ।

ਫਿਰ ਅੱਗੇ ਆਖੋ:

ਮੈਂ, ਇੱਕ ਗ਼ਰੀਬ ਪਾਪੀ/ਪਾਪਣ, ਪਰਮੇਸ਼ਵਰ ਇਹ ਇਕਬਾਲ ਕਰਦਾ/ਕਰਦੀ ਹਾਂ ਕਿ ਮੈਂ ਸਾਰੇ ਪਾਪਾਂ ਦਾ/ਦੀ ਦੋਸ਼ੀ ਹਾਂ; ਖਾਸ ਕਰ ਕੇ ਮੈਂ ਤੁਹਾਡੇ ਸਾਹਮਣੇ ਇਹ ਇਕਬਾਲ ਕਰਦਾ/ਕਰਦੀ ਹਾਂ ਕਿ ਮੈਂ ਇੱਕ ਸੇਵਕ (ਜਾਂ ਇੱਕ ਸੇਵਿਕਾ, ਆਦਿ) ਹਾਂ, ਪਰ ਮੈਂ ਆਪਣੇ ਮਾਲਕ ਦੀ ਸੇਵਾ ਵਫ਼ਾਦਾਰੀ ਨਾਲ ਨਹੀਂ ਕਰਦਾ/ਕਰਦੀ ਹਾਂ; ਮੈਂ ਉਸ ਦੇ ਹੁਕਮ ਮੁਤਾਬਕ ਕਦੇ ਇਹ ਨਹੀਂ ਕਰਦਾ/ਕਰਦੀ ਤੇ ਕਦੇ ਉਹ ਨਹੀਂ ਕਰਦਾ/ਕਰਦੀ; ਮੈਂ ਉਨ੍ਹਾਂ ਨੂੰ ਗੁੱਸੇ ਕੀਤਾ ਹੈ ਅਤੇ ਉਨ੍ਹਾਂ ਮੈਨੂੰ ਲਾਹਨਤਾਂ ਪਾਈਆਂ; ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ (ਆਦਿ); ਮੈਂ ਆਪਣੇ ਆਖੇ ਤੇ ਕੰਮਾਂ ਉੱਤੇ ਸ਼ਰਮਿੰਦਾ ਸਾਂ, ਮੈਂ ਬੇਸਬਰਾ/ਬੇਸਬਰੀ ਸਾਂ, ਮੈਂ ਆਪਣੇ ਹਮ–ਉਮਰਾਂ ਨਾਲ ਲੜਿਆ/ਲੜੀ, ਮੈਂ ਮਕਾਨ ਮਾਲਕਣ (ਆਦਿ) ਨੂੰ ਬੁੜਬੁੜ ਕੀਤੀ ਤੇ ਬੁਰਾ–ਭਲਾ ਆਖਿਆ। ਮੈਨੂੰ ਇਸ ਸਭ ਲਈ ਅਫ਼ਸੋਸ ਹੈ ਤੇ ਮੇਰੇ ’ਤੇ ਮਿਹਰ ਕਰੋ। ਮੈਂ ਅੱਗੇ ਤੋਂ ਬਿਹਤਰ ਕਰਨਾ ਚਾਹੁੰਦਾ/ਚਾਹੁੰਦੀ ਹਾਂ।

ਮਕਾਨ ਦਾ ਮਾਲਕ ਜਾਂ ਮਾਲਕਣ ਇੰਝ ਆਖ ਸਕਦੇ ਹਨ:

ਖਾਸ ਤੌਰ ’ਤੇ, ਮੈਂ ਆਪ ਜੀ ਦੇ ਸਾਹਮਣੇ ਇਹ ਇਕਬਾਲ ਕਰਦਾ/ਕਰਦੀ ਹਾਂ ਕਿ ਮੈਂ ਪਰਮੇਸ਼ਵਰ ਦੀ ਮਹਿਮਾ ਲਈ ਆਪਣੇ ਪਰਿਵਾਰ – ਆਪਣੀ ਪਤਨੀ, ਬੱਚਿਆਂ ਤੇ ਸੇਵਕਾਂ ਨੂੰ ਵਿਸ਼ਵਾਸਪਾਤਰਤਾ ਤੇ ਸੂਝਬੂਝ ਨਾਲ ਨਹੀਂ ਪੜ੍ਹਾਇਆ ਤੇ ਸਿਖਲਾਈ ਨਹੀਂ ਦਿੱਤੀ; ਮੈਂ ਲਾਹਨਤਾਂ ਪਾਈਆਂ; ਮੈਂ ਪਰਮੇਸ਼ਵਰ ਦੇ ਨਾਮ ਦੀ ਦੁਰਵਰਤੋਂ ਕੀਤੀ; ਮੈਂ ਆਪਣੇ ਖਰ੍ਹਵੇ ਸ਼ਬਦਾਂ ਤੇ ਕੰਮਾਂ ਰਾਹੀਂ ਇੱਕ ਮਾੜੀ ਮਿਸਾਲ ਕਾਇਮ ਕੀਤੀ; ਮੈਂ ਆਪਣੇ ਗੁਆਂਢੀਆਂ ਨੂੰ ਨੁਕਸਾਨ ਪਹੁੰਚਾਇਆ ਤੇ ਉਨ੍ਹਾਂ ਨੂੰ ਬਹੁਤ ਤਰੀਕਿਆਂ ਨਾਲ ਠੇਸ ਪਹੁੰਚਾਈ; ਮੈਂ ਨਕਲੀ ਵੱਟਿਆਂ ਤੇ ਪੈਮਾਨਿਆਂ ਦੀ ਵਰਤੋਂ ਕੀਤੀ; ਮੈਂ ਆਪਣੇ ਗੁਆਂਢੀ ਨਾਲ ਚਾਲ ਚੱਲੀ ਸੀ ਜਦੋਂ ਮੈਂ ਉਸ ਨੂੰ ਵਸਤਾਂ ਵੇਚੀਆਂ ਸਨ।

ਅਤੇ, ਹਰੇਕ ਵਿਅਕਤੀ ਦੇ ਕਿੱਤੇ ਵਿੱਚ, ਜੋ ਕੁਝ ਵੀ ਹੋਰ ਪਰਮੇਸ਼ਵਰ ਦੇ ਹੁਕਮਾਂ ਤੋਂ ਉਲਟ ਵਾਪਰਿਆ ਹੋਵੇ, ਉਨ੍ਹਾਂ ਨੂੰ ਉਸ ਦਾ ਇਕਬਾਲ ਕਰਨ ਦੇਵੋ।

ਪਰ ਜੇ ਕੋਈ ਵਿਅਕਤੀ ਇਹ ਮਹਿਸੂਸ ਨਹੀਂ ਕਰਦਾ ਕਿ ਉਹ ਇਨ੍ਹਾਂ ਵਾਂਗ ਜਾਂ ਇੰਝ ਵੱਡੇ ਪਾਪਾਂ ਦੇ ਬੋਝ ਹੇਠਾਂ ਨਹੀਂ ਦੱਬਿਆ, ਤਾਂ ਉਸ ਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ਜਾਂ ਉਸ ਨੂੰ ਹੋਰ ਪਾਪਾਂ ਦੀ ਖੋਜ ਨਹੀਂ ਕਰਨ ਲੱਗ ਪੈਣਾ ਚਾਹੀਦਾ ਤੇ ਇੰਝ ਗੁਨਾਹਾਂ ਦੇ ਇਸ ਇਕਬਾਲ ਨੂੰ ਕੋਈ ਤਸ਼ੱਦਦ ਨਹੀਂ ਬਣਾ ਦੇਣਾ ਚਾਹੀਦਾ। ਉਸ ਨੂੰ ਬੱਸ ਇੱਕ ਜਾਂ ਦੋ ਅਜਿਹੇ ਪਾਪਾਂ ਦਾ ਹੀ ਜ਼ਿਕਰ ਕਰਨਾ ਚਾਹੀਦਾ ਹੈ, ਜਿਨ੍ਹਾਂ ਬਾਰੇ ਉਹ ਜਾਣਦਾ/ਜਾਣਦੀ ਹੈ, ਜਿਵੇਂ: ਖਾਸ ਤੌਰ ’ਤੇ ਮੈਂ ਇਹ ਮੰਨਦਾ ਹਾਂ ਕਿ ਮੈਂ ਇੰਕ ਵਾਰ ਪਰਮੇਸ਼ਵਰ ਦੇ ਨਾਮ ਨੂੰ ਬੁਰਾ ਭਲਾ ਆਖਿਆ ਸੀ; ਮੈਂ ਇੱਕ ਵਾਰ ਫਿਰ ਗ਼ੈਰ–ਵਾਜਬ ਸ਼ਬਦਾਂ ਦੀ ਵਰਤੋਂ ਕੀਤੀ ਸੀ; ਮੈਂ ਇੱਕ ਵਾਰ ਇਸ ਨੂੰ ਜਾਂ ਉਸ ਨੂੰ ਨਜ਼ਰਅੰਦਾਜ਼ ਕੀਤਾ ਸੀ ਆਦਿ। ਇੰਨਾ ਕੁ ਹੀ ਕਾਫ਼ੀ ਹੋਵੇਗਾ ਅਤੇ ਇੰਝ ਹੀ ਆਤਮਾ ਨੂੰ ਸ਼ਾਂਤੀ ਮਿਲੇਗੀ।

ਪਰ ਜੇ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ (ਜੋ ਕਿ ਵਿਵਹਾਰਕ ਤੌਰ ’ਤੇ ਅਸੰਭਵ ਹੋਣਾ ਚਾਹੀਦਾ ਹੈ), ਤਦ ਤੁਹਾਨੂੰ ਕਿਸੇ ਵੀ ਗੱਲ ਦਾ ਜ਼ਿਕਰ ਖਾਸ ਤੌਰ ’ਤੇ ਨਹੀਂ ਕਰਨਾ ਚਾਹੀਦਾ, ਸਗੋਂ ਆਮ ਇਕਬਾਲ ਕਰਨ ਤੋਂ ਬਾਅਦ ਮਾਫ਼ੀ ਲੈਣੀ ਚਾਹੀਦੀ ਹੈ, ਜੋ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਾਦਰੀ ਸਾਹਿਬ ਸਾਹਮਣੇ ਆਖੋਗੇ।

ਤਦ ਪਾਦਰੀ ਸਾਹਿਬ ਆਖਣਗੇ:

ਪਰਮੇਸ਼ਵਰ ਤੁਹਾਡੇ ’ਤੇ ਰਹਿਮ ਕਰਨ ਤੇ ਤੁਹਾਡਾ ਵਿਸ਼ਵਾਸ ਮਜ਼ਬੂਤ ਕਰਨ। ਆਮੀਨ।

ਉਨ੍ਹਾਂ ਨੂੰ ਗੁਨਾਹਾਂ ਦਾ ਇਕਬਾਲ ਕਰ ਰਹੇ ਵਿਅਕਤੀ ਨੂੰ ਇਹ ਵੀ ਪੁੱਛਣਾ ਚਾਹੀਦਾ ਹੈ:

ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੇਰੀ ਮਾਫ਼ੀ ਪਰਮੇਸ਼ਵਰ ਦੀ ਮਾਫ਼ੀ ਹੈ?

ਉੱਤਰ:

ਜੀ ਫ਼ਾਦਰ।

ਤਦ ਉਹ ਇਕਬਾਲ ਕਰ ਰਹੇ ਵਿਸ਼ਵਾਸੀ ਨੂੰ ਇਹ ਆਖਣ:

ਉਹੀ ਹੋਵੇ ਜੇਹਾ ਤੇਰਾ ਵਿਸ਼ਵਾਸ ਹੈ। ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਦੇ ਹੁਕਮ ਨਾਲ, ਮੈਂ ਤੇਰੇ ਗੁਨਾਹ ਪਿਤਾ ਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਮਾਫ਼ ਕਰਦਾ ਹਾਂ, ਆਮੀਨ। ਆਮਨ–ਚੈਨ ਨਾਲ ਜਾਹ।

ਜਿਹੜੇ ਵਿਅਕਤੀਆਂ ਦੀ ਜ਼ਮੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪੁੱਜਾ ਹੈ, ਲਾਲਚ ਜਾਂ ਨਿਰਾਸ਼ਾ ਵਧ ਚੁੱਕੇ ਹਨ, ਪਾਦਰੀ ਸਾਹਿਬ ਨੂੰ ਪਤਾ ਹੋਵੇਗਾ ਕਿ ਉਨ੍ਹਾਂ ਨੂੰ ਪਵਿੱਤਰ ਵਚਨ ’ਚੋਂ ਕਿਹੜੀਆਂ ਆਇਤਾਂ ਨਾਲ ਸ਼ਾਂਤੀ ਬਖ਼ਸ਼ਣੀ ਹੈ ਕਿ ਜਿਨ੍ਹਾਂ ਨਾਲ ਉਨ੍ਹਾਂ ਦਾ ਵਿਸ਼ਵਾਸ ਵਧੇ। ਜਿਸ ਕਿਸਮ ਦੇ ਗੁਨਾਹ ਦੇ ਇਕਬਾਲ ਦੀ ਮਿਸਾਲ ਅਸੀਂ ਇੱਥੇ ਦਿੱਤੀ ਹੈ, ਉਹ ਤਾਂ ਸਿਰਫ਼ ਬੱਚਿਆਂ ਵਾਲੀ, ਆਮ ਕਿਸਮ ਦੀ ਸਾਧਾਰਣ ਤੇ ਅਨਪੜ੍ਹ ਲੋਕਾਂ ਲਈ ਹੈ।

VI. ਅਸ਼ਾਇ ਰੱਬਾਨੀ

The Sacrament of the Altar

ਘਰ ਦੇ ਮੁਖੀ ਵਜੋਂ ਪਰਿਵਾਰ ਨੂੰ ਸਾਦੇ ਢੰਗ ਨਾਲ ਸਮਝਾਉਣਾ ਚਾਹੀਦਾ ਹੈ।

ਅਸ਼ਾਇ ਰੱਬਾਨੀ ਕੀ ਹੈ?

ਅਸ਼ਾਇ ਰੱਬਾਨੀ ਰੋਟੀ ਤੇ ਦਾਖਰਸ ਦੇ ਰੂਪ ਵਿੱਚ ਸਾਡੇ ਪ੍ਰਭੂ ਯਿਸੂ ਮਸੀਹ ਦਾ ਸੱਚਾ ਸਰੀਰ ਤੇ ਲਹੂ ਹੈ, ਜੋ ਅਸੀਂ ਮਸੀਹੀ ਲੋਕਾਂ ਨੇ ਖਾਣਾ ਤੇ ਪੀਣਾ ਹੈ ਅਤੇ ਜਿਸ ਬਾਰੇ ਖੁਦ ਯਿਸੂ ਮਸੀਹ ਨੇ ਹਦਾਇਤ ਕੀਤੀ ਸੀ।

ਇਹ ਕਿੱਥੇ ਲਿਖਿਆ ਹੈ?

ਉੱਤਰ:

ਪਵਿੱਤਰ ਵਚਨਾਂ (ਮੱਤੀ 26:26, ਮਰਕੁਸ 14:22, ਲੂਕਾ 22:19) ਅਤੇ ਪੌਲੂਸ ਰਸੂਲ (1 ਕੁਰਿੰਥੀਆਂ 11:23) ਵਿੱਚ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੈ:

ਸਾਡੇ ਪ੍ਰਭੂ ਯਿਸੂ ਮਸੀਹ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ, ਰੋਟੀ ਲਈ ਅਤੇ ਸ਼ੁਕਰ ਕਰ ਕੇ ਤੋੜੀ ਅਤੇ ਉਹ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ,‘ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।’

ਇਸੇ ਤਰ੍ਹਾਂ ਉਸ ਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਭੀ ਲਿਆ ਅਤੇ ਸ਼ੁਕਰ ਕਰ ਕੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ, ਜੋ ਤੁਹਾਡੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਗਿਆ ਹੈ। ਜਦ ਕਦੇ ਤੁਸੀਂ ਸਾਰੇ ਇਹ ਨੂੰ ਪੀਵੋ ਤਾਂ ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।

ਪਰ ਅਜਿਹਾ ਖਾਣ ਤੇ ਪੀਣ ਦਾ ਕੀ ਲਾਭ ਹੈ?

ਉੱਤਰ:

ਇਹ ਸਾਨੂੰ ਇਨ੍ਹਾਂ ਸ਼ਬਦਾਂ ਰਾਹੀਂ ਦਰਸਾਇਆ ਗਿਆ ਹੈ: ‘ਦਿੱਤਾ ਗਿਆ ਹੈ ਅਤੇ ਤੁਹਾਡੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਗਿਆ ਹੈ’। ਜੀਵਨ ਤੇ ਮੁਕਤੀ ਮਸੀਹੀ ਧਾਰਮਿਕ ਰੀਤ ਵਿੱਚ ਇਨ੍ਹਾਂ ਸ਼ਬਦਾਂ ਰਾਹੀਂ ਸਾਨੂੰ ਦਿੱਤੇ ਗਏ ਹਨ। ਜਿੱਥੇ ਪਾਪਾਂ ਦੀ ਮਾਫ਼ੀ ਹੈ, ਉੱਥੇ ਜੀਵਨ ਤੇ ਮੁਕਤੀ ਵੀ ਹੈ।

ਇਹ ਦੁਨਿਆਵੀ ਖਾਣ ਤੇ ਪੀਣ ਇੰਨੀਆਂ ਮਹਾਨ ਚੀਜ਼ਾਂ ਕਿਵੇਂ ਕਰ ਸਕਦੇ ਹਨ?

ਉੱਤਰ:

ਬੇਸ਼ੱਕ ਖਾਣ ਤੇ ਪੀਣ ਨਾਲ ਅਜਿਹੀਆਂ ਚੀਜ਼ਾਂ ਮੁਕੰਮਲ ਨਹੀਂ ਹੁੰਦੀਆਂ ਪਰ ਜਿਹਡੇ ਵਚਨ ਇੱਥੇ ਬੋਲੇ ਜਾਂਦੇ ਹਨ, ਜਿਵੇਂ ‘ਦਿੱਤਾ ਗਿਆ ਹੈ ਅਤੇ ਤੁਹਾਡੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਗਿਆ ਹੈ’। ਦੁਨਿਆਵੀ ਖਾਣ ਤੇ ਪੀਣ ਨਾਲ ਇਹ ਸ਼ਬਦ ਇਸ ਪਵਿੱਤਰ ਮਸੀਹੀ ਰੀਤ ‘ਅਸ਼ਾਇ ਰੱਬਾਨੀ’ ਦਾ ਕੇਂਦਰ ਤੇ ਸੰਖੇਪ ਨਿਚੋੜ ਹਨ; ਅਤੇ ਜੋ ਵਿਅਕਤੀ ਇਨ੍ਹਾਂ ਵਚਨਾਂ ਵਿੱਚ ਵਿਸ਼ਵਾਸ ਰੱਖਦਾ ਹੈ, ਜਿਵੇਂ ਕਿ ਲਿਖਿਆ ਤੇ ਸਪੱਸ਼ਟ ਕੀਤਾ ਗਿਆ ਹੈ ਕਿ ਪਾਪਾਂ ਦੀ ਮਾਫ਼ੀ ਹੁੰਦੀ ਹੈ।

ਇਸ ਮਸੀਹੀ ਰੀਤ ‘ਅਸ਼ਾਇ ਰੱਬਾਨੀ’ ਨੂੰ ਕੌਣ ਪ੍ਰਾਪਤ ਕਰਦਾ ਹੈ ਤੇ ਕੌਣ ਇਸ ਦੇ ਕਾਬਿਲ ਹੈ?

ਉੱਤਰ:

ਰੋਜ਼ਾ ਰੱਖਣਾ ਤੇ ਆਪਣੇ ਸਰੀਰ ਨੂੰ ਤਿਆਰ ਕਰਨਾ ਯਕੀਨੀ ਤੌਰ ’ਤੇ ਬਾਹਰੀ ਸਿਖਲਾਈ ਹੈ। ਪਰ ਉਹੀ ਸੱਚਮੁਚ ਕਾਬਿਲ ਤੇ ਪੂਰੀ ਤਰ੍ਹਾਂ ਤਿਆਰ ਹੈ, ਜਿਸ ਨੂੰ ਇਨ੍ਹਾਂ ਵਚਨਾਂ ਵਿੱਚ ਵਿਸ਼ਵਾਸ ਹੈ: ‘ਦਿੱਤਾ ਗਿਆ ਹੈ ਅਤੇ ਤੁਹਾਡੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਗਿਆ ਹੈ’।

ਪਰ ਜਿਸ ਨੂੰ ਇਨ੍ਹਾਂ ਵਚਨਾਂ ’ਚ ਵਿਸ਼ਵਾਸ ਨਹੀਂ ਜਾਂ ਜਿਸ ਨੂੰ ਉਨ੍ਹਾਂ ਉੱਤੇ ਕੋਈ ਸ਼ੱਕ ਹੈ, ਉਹ ਕਾਬਿਲ ਤੇ ਤਿਆਰ ਨਹੀਂ ਹੈ ਕਿਉਂਕਿ ਵਚਨ ’ਚ ਲਿਖਿਆ ਹੈ ‘ਤੁਹਾਡੇ ਲਈ’ ਇਸ ਨਾਲ ਹਰੇਕ ਦਿਲ ਨੂੰ ਮੰਨਣਾ ਪੈਂਦਾ ਹੈ।

ਰੋਜ਼ ਦੀਆਂ ਪ੍ਰਾਰਥਨਾਵਾਂ

Daily Prayers

ਘਰ ਦੇ ਮੁਖੀ ਨੂੰ ਆਪਣੇ ਪਰਿਵਾਰ ਨੂੰ ਸਵੇਰੇ ਤੇ ਸ਼ਾਮ ਨੂੰ ਪ੍ਰਾਰਥਨਾ ਕਿਵੇਂ ਸਿਖਾਉਣਾ ਚਾਹੀਦਾ ਹੈ।

ਸਵੇਰ ਦੀ ਪ੍ਰਾਰਥਨਾ

Morning Prayer

ਸਵੇਰ ਵੇਲੇ, ਜਦੋਂ ਤੁਸੀਂ ਉੱਠਦੇ ਹੋ, ਤਾਂ ਤੁਸੀਂ ਪਵਿੱਤਰ ਸਲੀਬ ਨਾਲ ਖੁਦ ਨੂੰ ਅਸੀਸ ਦੇਵੋਗੇ ਅਤੇ ਆਖੋਗੇ:

ਪਿਤਾ–ਪਰਮੇਸ਼ਵਰ ਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ। ਆਮੀਨ

ਤਦ ਗੋਡੇ ਟੇਕੋ ਜਾਂ ਖੜ੍ਹੇ ਰਹੋ, ਮਸੀਹੀ ਸਿਧਾਂਤ ਤੇ ਪਰਮੇਸ਼ਵਰ ਦੀ ਪ੍ਰਾਰਥਨਾ ਨੂੰ ਦੁਹਰਾਓ। ਜੇ ਤੁਸੀਂ ਪਸੰਦ ਕਰੋਂ, ਤਾਂ ਤੁਸੀਂ ਇਸ ਨਿੱਕੀ ਪ੍ਰਾਰਥਨਾ ਵਿੱਚ ਇਹ ਜੋੜ ਸਕਦੇ ਹੋ:

ਮੇਰੇ ਸੁਰਗੀ ਪਿਤਾ ਮੈਂ ਤੁਹਾਡੇ ਪਿਆਰੇ ਪੁੱਤਰ ਯਿਸੂ ਮਸੀਹ ਦੇ ਨਾਮ ਨਾਲ ਤੁਹਾਡਾ ਧੰਨਵਾਦ ਕਰਦਾ/ਕਰਦੀ ਹਾਂ ਕਿ ਤੁਸੀਂ ਮੈਨੂੰ ਬੀਤੀ ਰਾਤ ਹਰ ਤਰ੍ਹਾਂ ਦੇ ਨੁਕਸਾਨ ਤੇ ਖ਼ਤਰੇ ਤੋਂ ਬਚਾਇਆ; ਅਤੇ ਮੇਰੀ ਪ੍ਰਾਰਥਨਾ. ਹੈ ਕਿ ਇਸ ਦਿਨ ਹਰ ਤਰ੍ਹਾਂ ਦੇ ਪਾਪ ਤੇ ਬੁਰਾਈ ਤੋਂ ਮੈਨੂੰ ਬਚਾ ਕੇ ਰੱਖਣਾ, ਤਾਂ ਜੋ ਮੈਂ ਆਪਣਾ ਹਰ ਕੰਮ ਤੁਹਾਡੀ ਮਰਜ਼ੀ ਮੁਤਾਬਕ ਕਰ ਸਕਾਂ। ਮੈਂ ਆਪਣੇ–ਆਪ ਨੂੰ, ਮੇਰਾ ਜਿਸਮ ਤੇ ਆਤਮਾ ਤੇ ਹੋਰ ਸਾਰੀਆਂ ਚੀਜ਼ਾਂ ਤੁਹਾਡੇ ਹੱਥਾਂ ਵਿੱਚ ਸੌਂਪਦਾ/ਸੌਂਪਦੀ ਹਾਂ, ਇਸ ਲਈ ਕੋਈ ਵੀ ਸ਼ੈਤਾਨੀ ਦੁਸ਼ਮਣ ਮੇਰੇ ’ਤੇ ਭਾਰੂ ਨਾ ਹੋ ਸਕੇ। ਆਮੀਨ।

ਫਿਰ ਖੁਸ਼ੀ ਨਾਲ ਦਸ ਹੁਕਮਾਂ ਮੁਤਾਬਕ ਜਾਂ ਕੋਈ ਹੋਰ ਰੂਹਾਨੀ ਮਸੀਹੀ ਭਜਨ ਗਾਉਂਦਿਆਂ ਆਪਣੇ ਕੰਮ ’ਤੇ ਜਾਓ।

ਸ਼ਾਮ ਦੀ ਪ੍ਰਾਰਥਨਾ ਜਾਂ ਬੰਦਗੀ

Evening Prayer

ਸ਼ਾਮ ਨੂੰ, ਜਦੋਂ ਤੁਸੀਂ ਸੌਣ ਲੱਗੋਂ, ਤੁਸੀਂ ਪਵਿੱਤਰ ਸਲੀਬ ਨਾਲ ਆਪਣੇ–ਆਪ ਨੂੰ ਅਸੀਸ ਦੇਵੋ ਤੇ ਆਖੋ:

ਪਿਤਾ–ਪਰਮੇਸ਼ਵਰ ਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ। ਆਮੀਨ

ਤਦ ਗੋਡੇ ਟੇਕੋ ਜਾਂ ਖੜ੍ਹੇ ਰਹੋ, ਮਸੀਹੀ ਸਿਧਾਂਤ ਤੇ ਪਰਮੇਸ਼ਵਰ ਦੀ ਪ੍ਰਾਰਥਨਾ ਨੂੰ ਦੁਹਰਾਓ। ਜੇ ਤੁਸੀਂ ਪਸੰਦ ਕਰੋਂ, ਤਾਂ ਤੁਸੀਂ ਇਸ ਨਿੱਕੀ ਪ੍ਰਾਰਥਨਾ ਵਿੱਚ ਇਹ ਜੋੜ ਸਕਦੇ ਹੋ:

ਮੇਰੇ ਸੁਰਗੀ ਪਿਤਾ ਮੈਂ ਤੁਹਾਡੇ ਪਿਆਰੇ ਪੁੱਤਰ ਯਿਸੂ ਮਸੀਹ ਦੇ ਨਾਮ ਨਾਲ ਤੁਹਾਡਾ ਧੰਨਵਾਦ ਕਰਦਾ/ਕਰਦੀ ਹਾਂ ਕਿ ਤੁਸੀਂ ਅੱਜ ਸਾਰਾ ਦਿਨ ਮੇਰੇ ’ਤੇ ਆਪਣੀ ਮਿਹਰ ਬਣਾ ਕੇ ਰੱਖੀ; ਅਤੇ ਮੇਰੀ ਪ੍ਰਾਰਥਨਾ ਹੈ ਕਿ ਮੇਰੇ ਸਾਰੇ ਗੁਨਾਹ ਮਾਫ਼ ਕਰੋ, ਜੋ ਕੁਝ ਵੀ ਮੈਂ ਗ਼ਲਤ ਕੀਤਾ ਹੈ ਤੇ ਅੱਜ ਦੀ ਰਾਤ ਨੂੰ ਵੀ ਆਪਣੀ ਮਿਹਰ ਬਣਾ ਕੇ ਰੱਖਣਾ। ਮੈਂ ਆਪਣੇ–ਆਪ ਨੂੰ, ਮੇਰਾ ਜਿਸਮ ਤੇ ਆਤਮਾ ਤੇ ਹੋਰ ਸਾਰੀਆਂ ਚੀਜ਼ਾਂ ਤੁਹਾਡੇ ਹੱਥਾਂ ਵਿੱਚ ਸੌਂਪਦਾ/ਸੌਂਪਦੀ ਹਾਂ। ਤੁਹਾਡਾ ਪਵਿੱਤਰ ਫ਼ਰਿਸ਼ਤਾ ਮੇਰੇ ਨਾਲ ਹੋਵੇਗਾ, ਇਸ ਲਈ ਕੋਈ ਵੀ ਸ਼ੈਤਾਨੀ ਦੁਸ਼ਮਣ ਮੇਰੇ ’ਤੇ ਭਾਰੂ ਨਾ ਹੋ ਸਕੇ। ਆਮੀਨ

ਫਿਰ ਤੁਰੰਤ ਖੁਸ਼ੀ ਨਾਲ ਸੌਂ ਜਾਵੋ।

ਘਰ ਦਾ ਮੁਖੀ ਆਪਣੇ ਪਰਿਵਾਰ ਨੂੰ ਕਿਵੇਂ ਸਮਝਾਵੇ ਕਿ ਅਸੀਸ ਕਿਵੇਂ ਮੰਗਣੀ ਹੈ ਤੇ ਸ਼ੁਕਰਾਨਾ ਕਿਵੇਂ ਮੋੜਨਾ ਹੈ।

ਅਸੀਸ ਮੰਗਣਾ

ਬੱਚੇ ਤੇ ਸੇਵਕ ਹੱਥ ਬੰਨ੍ਹ ਕੇ ਬਹੁਤ ਹੀ ਆਦਰ–ਸਤਿਕਾਰ ਨਾਲ ਮੇਜ਼ ’ਤੇ ਜਾਣਗੇ, ਅਤੇ ਆਖਣਗੇ:

ਹੇ ਪ੍ਰਭੂ, ਸਾਰੀਆਂ ਨਜ਼ਰਾਂ ਤੁਹਾਡੇ ਵੱਲ ਵੇਖਦੀਆਂ ਹਨ; ਤੇ ਤੁਸੀਂ ਉਨ੍ਹਾਂ ਨੂੰ ਵੇਲੇ ਸਿਰ ਖਾਣਾ ਦਿੰਦੇ ਹੋ; ਤੁਸੀਂ ਆਪਣਾ ਹੱਥ ਖੋਲ੍ਹਦੇ ਹੋ ਤੇ ਹਰੇਕ ਦੁਨਿਆਵੀ ਚੀਜ਼ ਦੀ ਇੱਛਾ ਸੰਤੁਸ਼ਟ ਕਰਦੇ ਹੋ।

ਨੋਟ:
‘ਇੱਛਾ ਸੰਤੁਸ਼ਟ ਕਰਦੇ ਹੋ’ ਤੋਂ ਮਤਲਬ ਹੈ ਕਿ ਸਾਰੇ ਜਾਨਵਰ ਇੰਨਾ ਕੁਝ ਖਾਣ ਲਈ ਹਾਸਲ ਕਰਦੇ ਹਨ ਤੇ ਇਸ ਪੱਖੋਂ ਉਹ ਬਹੁਤ ਖੁਸ਼ੀਆਂ ਤੇ ਖੇੜੇ ਮਾਣ ਰਹੇ ਹਨ; ਕਿਉਂਕਿ ਇੱਛਾ ਤੇ ਲਾਲਚ ਅਜਿਹੀ ਸੰਤੁਸ਼ਟੀ ਨੂੰ ਰੋਕਦੇ ਹਨ।

ਫਿਰ ਪਰਮੇਸ਼ਵਰ ਦੀ ਪ੍ਰਾਰਥਨਾ ਬੋਲੋ ਤੇ ਫਿਰ ਹੇਠਾਂ ਦਿੱਤੀ ਪ੍ਰਾਰਥਨਾ:

ਸਰਬਸ਼ਕਤੀਮਾਨ ਪ੍ਰਭੂ, ਸੁਰਗੀ ਪਿਤਾ, ਸਾਨੂੰ ਅਸੀਸ ਦੇਵੋ ਤੇ ਇਹ ਤੁਹਾਡੇ ਤੋਹਫ਼ੇ, ਜਿਹੜੇ ਅਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਤੁਹਾਡੀ ਭਰਪੂਰ ਚੰਗਿਆਈ ’ਚੋਂ ਲਏ ਹਨ। ਆਮੀਨ।

ਸ਼ੁਕਰਾਨਾ ਮੋੜਨਾ

ਇਸੇ ਤਰ੍ਹਾਂ ਖਾਣੇ ਤੋਂ ਬਾਅਦ ਉਹ ਹੱਥ ਜੋੜ ਕੇ ਬਹੁਤ ਆਦਰ–ਸਤਿਕਾਰ ਨਾਲ ਆਖਣਗੇ:

ਓ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਭਲੇ ਹਨ; ਹਰੇਕ ’ਤੇ ਤਰਸ ਕਰਦੇ ਹਨ। ਉਹ ਹਰੇਕ ਜਾਨਦਾਰ ਨੂੰ ਖਾਣ ਨੂੰ ਦਿੰਦੇ ਹਨ; ਉਹ ਜੰਗਲੀ ਜਾਨਵਰ ਨੂੰ ਵੀ ਉਸ ਦਾ ਖਾਣਾ ਦਿੰਦੇ ਹਨ ਤੇ ਉਹ ਕਾਂ–ਕਾਂ ਕਰਨ ਵਾਲੇ ਉਸ ਕਾਲ਼ੇ ਕਾਂ ਨੂੰ ਵੀ ਦਿੰਦੇ ਹਨ। ਪਰਮੇਸ਼ਵਰ ਨੂੰ ਖੁਸ਼ ਹੋਣ ਲਈ ਘੋੜੇ ਦੀ ਤਾਕਤ ਦੀ ਲੋੜ ਨਹੀਂ; ਉਸ ਨੂੰ ਕਿਸੇ ਵਿਅਕਤੀ ਦੀਆਂ ਲੱਤਾਂ ਵੇਖ ਕੇ ਖੁਸ਼ੀ ਨਹੀਂ ਮਿਲਦੀ। ਪਰਮੇਸ਼ਵਰ ਨੂੰ ਖੁਸ਼ੀ ਸਿਰਫ਼ ਉਨ੍ਹਾਂ ਤੋਂ ਮਿਲਦੀ ਹੈ ਜੋ ਉਨ੍ਹਾਂ ਤੋਂ ਡਰਦੇ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਦੀ ਦਿਆ ਦੀ ਆਸ ਹੈ।

ਫਿਰ ਪਰਮੇਸ਼ਵਰ ਦੀ ਪ੍ਰਾਰਥਨਾ ਬੋਲੋ ਤੇ ਫਿਰ ਹੇਠਾਂ ਦਿੱਤੀ ਪ੍ਰਾਰਥਨਾ:

ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਸਾਡੇ ਪ੍ਰਭੂ, ਸਾਡੇ ਪਿਤਾ, ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਤੁਹਾਡੇ ਤੋਂ ਮਿਲੀਆਂ ਹਰ ਤਰ੍ਹਾਂ ਦੀਆਂ ਨਿਅਮਤਾਂ ਲਈ, ਜੋ ਸਦਾ ਜੀਵਤ ਹੈ ਤੇ ਸਦਾ–ਸਦਾ ਤੋਂ ਰਾਜ ਕਰਦੇ ਆ ਰਹੇ ਹਨ। ਆਮੀਨ।

ਫ਼ਰਜ਼ਾਂ ਦੀ ਸੂਚੀ

Table of Duties

ਵੱਖੋ–ਵੱਖਰੇ ਪਵਿੱਤਰ ਹੁਕਮਾਂ ਤੇ ਪੁਜ਼ੀਸ਼ਨਾਂ ਲਈ ਪਵਿੱਤਰ ਵਚਨਾਂ ਦੇ ਕੁਝ ਪੈਰੇ, ਉਨ੍ਹਾਂ ਬਾਰੇ ਚੇਤੇ ਕਰਵਾਉਣਾ, ਉਨ੍ਹਾਂ ਦੇ ਫ਼ਰਜ਼ਾਂ ਤੇ ਜ਼ਿੰਮੇਵਾਰੀਆਂ ਬਾਰੇ।

ਬਿਸ਼ਪਾਂ, ਪਾਦਰੀ ਸਾਹਿਬਾਨ ਤੇ ਪ੍ਰਚਾਰਕਾਂ ਲਈ।

‘ਸੋ ਚਾਹੀਦਾ ਹੈ ਜੋ ਨਿਗਾਹਬਾਨ ਨਿਰਦੋਸ਼, ਇੱਕੋ ਹੀ ਪਤਨੀ ਦਾ ਪਤੀ, ਪਰਹੇਜ਼ਗਾਰ, ਸੁਰਤ ਵਾਲਾ, ਨੇਕ ਚਲਣ, ਪਰਾਹੁਣਚਾਰ ਅਤੇ ਸਿੱਖਿਆ ਦੇਣ ਜੋਗ ਹੋਵੇ, ਨਾ ਪਿਆਕੜ, ਨਾ ਮੁੱਕੇਬਾਜ਼, ਸਗੋਂ ਸੀਲ ਸੁਭਾਉ ਹੋਵੇ, ਨਾ ਝਾਗੜੂ, ਨਾ ਪੈਸੇ ਦਾ ਲੋਭੀ। ਆਪਣੇ ਘਰ ਦਾ ਚੰਗੀ ਤਰਾਂ ਪਰਬੰਧ ਕਰਨ ਵਾਲਾ, ਅਤੇ ਆਪਣੇ ਬਾਲਕਾਂ ਨੂੰ ਪੂਰੀ ਗੰਭੀਰਤਾਈ ਨਾਲ ਵੱਸ ਵਿੱਚ ਰੱਖਣ ਵਾਲਾ ਹੋਵੇ। ਪਰ ਜੇ ਕੋਈ ਆਪਣੇ ਹੀ ਘਰ ਦਾ ਪਰਬੰਧ ਕਰਨਾ ਨਾ ਜਾਣੇ ਤਾਂ ਉਹ ਪਰਮੇਸ਼ੁਰ ਦੀ ਕਲੀਸਿਯਾ ਦੀ ਰਖਵਾਲੀ ਕਿੱਕੁਰ ਕਰੇਗਾ? ਉਹ ਨਵਾਂ ਚੇਲਾ ਨਾ ਹੋਵੇ ਭਈ ਕਿਤੇ ਫੁੱਲ ਕੇ ਸ਼ਤਾਨ ਦੀ ਸਜ਼ਾ ਵਿੱਚ ਨਾ ਜਾ ਪਵੇ। ਨਾਲੇ ਚਾਹੀਦਾ ਹੈ ਜੋ ਬਾਹਰ ਵਾਲਿਆਂ ਦੇ ਕੋਲੋਂ ਉਹ ਦੀ ਨੇਕਨਾਮੀ ਹੋਵੇ ਭਈ ਉਹ ਬੋਲੀ ਹੇਠ ਨਾ ਆ ਜਾਵੇ ਅਤੇ ਸ਼ਤਾਨ ਦੀ ਫਾਹੀ ਵਿੱਚ ਨਾ ਫਸ ਜਾਵੇ। ਇਸੇ ਪਰਕਾਰ ਸੇਵਕਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਦੋ ਜ਼ਬਾਨੇ, ਨਾ ਬਹੁਤ ਮੈ ਪੀਣ ਵਾਲੇ, ਨਾ ਝੂਠੀ ਕਮਾਈ ਦੇ ਲੋਭੀ।’ 1 ਤਿਮੋਥਿਉਸ 3:2–7

‘ਕਿਉਂਕਿ ਚਾਹੀਦਾ ਹੈ ਭਈ ਕਲੀਸਿਯਾ ਦਾ ਨਿਗਾਹਬਾਨ ਪਰਮੇਸ਼ੁਰ ਦਾ ਮੁਖ਼ਤਿਆਰ ਹੋ ਕੇ ਨਿਰਦੋਸ਼ ਹੋਵੇ, ਨਾ ਮਨ ਮਤੀਆ, ਨਾ ਕ੍ਰੋਧੀ, ਨਾ ਪਿਆਕੜ, ਨਾ ਮੁੱਕੇਬਾਜ਼, ਨਾ ਝੂਠੇ ਨਫ਼ੇ ਦਾ ਲੋਭੀ ਹੋਵੇ। ਸਗੋਂ ਪਰਾਹੁਣਚਾਰ, ਨੇਕੀ ਦਾ ਪ੍ਰੇਮੀ, ਸੁਰਤ ਵਾਲਾ, ਧਰਮੀ, ਪਵਿੱਤਰ, ਸੰਜਮੀ ਹੋਵੇ। ਅਤੇ ਨਿਹਚਾ ਜੋਗ ਬਚਨ ਨੂੰ ਜਿਹੜਾ ਇਸ ਸਿੱਖਿਆ ਦੇ ਅਨੁਸਾਰ ਹੈ ਫੜੀ ਰੱਖੇ ਭਈ ਉਹ ਖਰੀ ਸਿੱਖਿਆ ਨਾਲ ਉਪਦੇਸ਼ ਕਰੇ ਨਾਲੇ ਢੁੱਚਰ ਡਾਹੁਣ ਵਾਲਿਆਂ ਨੂੰ ਕਾਇਲ ਕਰ ਸੱਕੇ।’ ਤੀਤੁਸ 1:7–9

ਮਸੀਹੀ ਸੰਗਤ ਆਪਣੇ ਪਾਦਰੀ ਸਾਹਿਬਾਨ ਦੀ ਕੀ ਦੇਣਦਾਰ ਹੈ।

‘ਇਸੇ ਪਰਕਾਰ ਪ੍ਰਭੁ ਨੇ ਖੁਸ਼ ਖਬਰੀ (ਸੁਸਮਾਚਾਰ) ਦੇ ਪਰਚਾਰਕਾਂ ਲਈ ਭੀ ਇਹ ਥਾਪਿਆ ਹੈ ਭਈ ਓਹ ਖੁਸ਼ ਖਬਰੀ ਤੋਂ ਹੀ ਗੁਜ਼ਾਰਾ ਕਰਨ।’ 1 ਕੁਰਿੰਥਿਆਂ 9:14

‘ਪਰ ਜਿਹੜਾ ਬਾਣੀ ਦੀ ਸਿੱਖਿਆ ਲੈਂਦਾ ਹੈ ਉਹ ਸਿਖਾਉਣ ਵਾਲੇ ਨੂੰ ਸਾਰਿਆਂ ਪਦਾਰਥਾਂ ਵਿੱਚ ਸਾਂਝੀ ਕਰੇ।’ ਗਲਾਤੀਆਂ 6–6

‘ਓਹ ਬਜ਼ੁਰਗ ਜਿਹੜੇ ਚੰਗਾ ਪਰਬੰਧ ਕਰਦੇ ਹਨ ਦੂਣੇ ਆਦਰ ਦੇ ਜੋਗ ਸਮਝੇ ਜਾਣ ਪਰ ਖਾਸ ਕਰਕੇ ਓਹ ਜਿਹੜੇ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ। ਕਿਉਂ ਜੋ ਧਰਮ ਪੁਸਤਕ ਇਹ ਆਖਦੀ ਹੈ ਭਈ ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਛਿੱਕਲੀ ਨਾ ਚਾੜ੍ਹ, ਨਾਲੇ ਇਹ ਭਈ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੈ।’ 1 ਤਿਮੋਥਿਉਸ 5:17–18

‘ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ। ਸਾਡੇ ਲਈ ਪ੍ਰਾਰਥਨਾ ਕਰੋ ਕਿਉਂ ਜੋ ਸਾਨੂੰ ਨਿਹਚਾ ਹੈ ਭਈ ਸਾਡਾ ਅੰਤਹਕਰਨ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।’ ਇਬਰਾਨੀਆਂ 13: 17–18

ਸਿਵਲ ਸਰਕਾਰ ਬਾਰੇ

‘ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੀ ਵੱਲੋਂ ਨਾ ਹੋਵੇ ਅਤੇ ਜਿੰਨੀਆਂ ਹਕੂਮਤਾਂ ਹਨ ਓਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ। ਇਸ ਲਈ ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ੁਰ ਦੇ ਇੰਤਜ਼ਾਮ ਦਾ ਸਾਹਮਣਾ ਕਰਦਾ ਹੈ ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹ ਦੰਡ ਭੋਗਣਗੇ। ਹਾਕਮ ਤਾਂ ਚੰਗੇ ਕੰਮ ਤੋਂ ਨਹੀਂ ਪਰ ਬੁਰੇ ਕੰਮ ਤੋਂ ਡਰਾਉਣ ਵਾਲੇ ਹੁੰਦੇ ਹਨ। ਕੀ ਤੂੰ ਹਾਕਮ ਤੋਂ ਡਰਿਆ ਨਹੀਂ ਚਾਹੁੰਦਾ ? ਤਾਂ ਭਲਾ ਕਰ ਫੇਰ ਉਹ ਦੀ ਵੱਲੋਂ ਤੇਰੀ ਸੋਭਾ ਹੋਵੇਗੀ। ਕਿਉਂ ਜੋ ਉਹ ਪਰਮੇਸ਼ੁਰ ਦਾ ਸੇਵਕ ਤੇਰੀ ਭਲਿਆਈ ਲਈ ਹੈ। ਪਰ ਜੇਕਰ ਤੂੰ ਬੁਰਾ ਕਰੇਂ ਤਾਂ ਡਰ ਇਸ ਲਈ ਜੋ ਉਹ ਐਵੇਂ ਤਲਵਾਰ ਲਾਏ ਹੋਏ ਨਹੀਂ। ਕਿਉਂ ਜੋ ਉਹ ਤਾਂ ਪਰਮੇਸ਼ੁਰ ਦਾ ਸੇਵਕ ਹੈ ਭਈ ਕੁਕਰਮੀ ਨੂੰ ਸਜ਼ਾ ਦੇਵੇ।’ ਰੋਮੀਆਂ 13:1–4

ਸੰਗਤ ਮੈਜਿਸਟ੍ਰੇਟਸ ਦੀ ਕੀ ਦੇਣਦਾਰ ਹੈ।

‘ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।’ ਮੱਤੀ 22:21

‘ਇਸ ਲਈ ਨਿਰਾ ਕ੍ਰੋਧ ਹੀ ਦੇ ਕਾਰਨ ਨਹੀਂ ਸਗੋਂ ਅੰਤਹਕਰਨ ਵੀ ਦੇ ਕਾਰਨ ਅਧੀਨ ਹੋਣਾ ਲੋੜੀਦਾ ਹੈ। ਤੁਸੀਂ ਇਸੇ ਕਾਰਨ ਹਾਲਾ ਭੀ ਦਿੰਦੇ ਹੋ ਕਿ ਓਹ ਇਸੇ ਕੰਮ ਵਿੱਚ ਰੁੱਝੇ ਰਹਿੰਦੇ ਹਨ ਅਤੇ ਪਰਮੇਸ਼ੁਰ ਦੇ ਖਾਦਮ ਹਨ। ਸਭਨਾਂ ਦਾ ਹੱਕ ਭਰ ਦਿਓ। ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ, ਜਿਹ ਨੂੰ ਮਸੂਲ ਚਾਹੀਦਾ ਹੈ ਮਸੂਲ ਦਿਓ, ਜਿਹ ਦੇ ਕੋਲੋਂ ਡਰਨਾ ਚਾਹੀਦਾ ਹੈ ਡਰੋ, ਜਿਹ ਦਾ ਆਦਰ ਚਾਹੀਦਾ ਹੈ ਆਦਰ ਕਰੋ’ ਰੋਮੀਆਂ 13:5–7

‘ਸੋ ਮੈਂ ਸਭ ਤੋਂ ਪਹਿਲਾਂ ਇਹ ਤਗੀਦ ਕਰਦਾ ਹਾਂ ਜੋ ਬੇਨਤੀਆਂ, ਪ੍ਰਾਰਥਨਾਂ, ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਨ। ਪਾਤਸ਼ਾਹਾਂ ਅਤੇ ਸਭਨਾਂ ਮਰਾਤਬੇ ਵਾਲਿਆਂ ਦੇ ਲਈ ਭਈ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗੀਏ।’ 1 ਤਿਮੋਥਿਉਸ 2:1–2

‘ਇਹ ਬਚਨ ਸਤ ਹੈ ਭਈ ਜੇ ਕੋਈ ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਚਾਹੁੰਦਾ ਹੈ। ਸੋ ਚਾਹੀਦਾ ਹੈ ਜੋ ਨਿਗਾਹਬਾਨ ਨਿਰਦੋਸ਼, ਇੱਕੋ ਹੀ ਪਤਨੀ ਦਾ ਪਤੀ, ਪਰਹੇਜ਼ਗਾਰ, ਸੁਰਤ ਵਾਲਾ, ਨੇਕ ਚਲਣ, ਪਰਾਹੁਣਚਾਰ ਅਤੇ ਸਿੱਖਿਆ ਦੇਣ ਜੋਗ ਹੋਵੇ।’ ਤੀਤੁਸ 3:1–2

‘ਤੁਸੀਂ ਪ੍ਰਭੁ ਦੇ ਨਮਿੱਤ ਮਨੁੱਖ ਦੇ ਹਰੇਕ ਪਰਬੰਧ ਦੇ ਅਧੀਨ ਹੋਵੋ, ਭਾਵੇਂ ਪਾਤਸ਼ਾਹ ਦੇ ਇਸ ਲਈ ਜੋ ਉਹ ਸਭਨਾਂ ਤੋਂ ਵੱਡਾ ਹੈ। ਭਾਵੇਂ ਹਾਕਮਾਂ ਦੇ ਇਸ ਲਈ ਜੋ ਓਹ ਉਸ ਦੇ ਘੱਲੇ ਹੋਏ ਹਨ ਭਈ ਕੁਕਰਮੀਆਂ ਨੂੰ ਸਜ਼ਾ ਦੇਣ ਅਤੇ ਸੁਕਰਮੀਆਂ ਦੀ ਸੋਭਾ ਕਰਨ। ਕਿਉਂ ਜੋ ਪਰਮੇਸ਼ੁਰ ਦੀ ਇੱਛਿਆ ਇਉਂ ਹੈ ਭਈ ਤੁਸੀਂ ਸੁਕਰਮ ਕਰ ਕੇ ਮੂਰਖ ਲੋਕਾਂ ਦੀ ਆਗਿਆਨਤਾ ਦਾ ਮੂੰਹ ਬੰਦ ਕਰ ਦਿਓ।’ 1 ਪਤਰਸ 2:13–15

ਪਤੀਆਂ ਲਈ

‘ਇਸੇ ਤਰਾਂ ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਅਤੇ ਇਹ ਭੀ ਭਈ ਤੁਸੀਂ ਦੋਵੇਂ ਜੀਵਨ ਦੀ ਬਖ਼ਸ਼ੀਸ਼ ਦੇ ਸਾਂਝੇ ਅਧਕਾਰੀ ਹੋ ਉਹ ਦਾ ਆਦਰ ਕਰੇ ਤਾਂ ਜੋ ਤੁਹਾਡੀਆਂ ਪ੍ਰਾਰਥਨਾਂ ਰੁਕ ਨਾ ਜਾਣ।’ 1 ਪਤਰਸ 3:7

‘ਹੇ ਪਤੀਓ, ਤੁਸੀਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਨ੍ਹਾਂ ਨਾਲ ਕੌੜੇ ਨਾ ਹੋਵੋ।’ ਕੁਲੁੱਸੀਆਂ 3:19

ਪਤਨੀਆਂ ਲਈ

‘ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ।’ ਅਫ਼ਸੀਆਂ 5:22

‘ਇਸੇ ਪਰਕਾਰ ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ….. ਜਿਵੇਂ ਸਾਰਾਹ ਅਬਰਾਹਾਮ ਨੂੰ ਸੁਆਮੀ ਕਹਿ ਕੇ ਉਹ ਦੇ ਅਧੀਨ ਰਹੀ ਜਿਹ ਦੀਆਂ ਤੁਸੀਂ ਬੱਚੀਆਂ ਹੋਈਆਂ ਜੇ ਸ਼ੁਭ ਕਰਮ ਕਰਦੀਆਂ ਅਤੇ ਕਿਸੇ ਪਰਕਾਰ ਦੇ ਡਹਿਲ ਨਾਲ ਨਾ ਡਰਦੀਆਂ ਹੋਵੋ।’ 1 ਪਤਰਸ 3:1, 6

ਮਾਪਿਆਂ ਲਈ

‘ਅਤੇ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।’ ਅਫ਼ਸੀਆਂ 6:4

ਬੱਚਿਆਂ ਲਈ

‘ਹੇ ਬਾਲਕੋ, ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ। ਤੂੰ ਆਪਣੇ ਮਾਂ ਪਿਉ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ।’ ਅਫ਼ਸੀਆਂ 6:1–3

ਸੇਵਕਾਂ ਅਤੇ ਸੇਵਕਾਵਾਂ, ਦਿਹਾੜੀਦਾਰਾਂ ਤੇ ਮਜ਼ਦੂਰਾਂ ਲਈ

‘ਹੇ ਨੌਕਰੋ, ਤੁਸੀਂ ਉਨ੍ਹਾਂ ਦੀ ਜਿਹੜੇ ਸਰੀਰ ਦੇ ਸਰਬੰਧ ਕਰਕੇ ਤੁਹਾਡੇ ਮਾਲਕ ਹਨ ਆਪਣੇ ਮਨ ਦੀ ਸਫ਼ਾਈ ਨਾਲ ਡਰਦੇ ਅਤੇ ਕੰਬਦੇ ਹੋਏ ਆਗਿਆਕਾਰੀ ਕਰੋ ਜਿਵੇਂ ਮਸੀਹ ਦੀ। ਅਤੇ ਮਨੁੱਖਾਂ ਦੇ ਰਿਝਾਉਣ ਵਾਲਿਆਂ ਵਾਂਙੁ ਵਿਖਾਵੇ ਦੀ ਨੌਕਰੀ ਨਾ ਸਗੋਂ ਮਸੀਹ ਦਿਆਂ ਦਾਸਾਂ ਵਾਂਙੁ ਜੀ ਲਾ ਕੇ ਪਰਮੇਸ਼ੁਰ ਦੀ ਇੱਛਿਆ ਪੂਰੀ ਕਰੋ। ਅਤੇ ਮਨ ਲਾ ਕੇ ਟਹਿਲ ਕਰੋ ਜਿਵੇਂ ਪ੍ਰਭੁ ਦੀ ਅਤੇ ਨਾ ਮਨੁੱਖਾਂ ਦੀ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਹਰ ਕੋਈ ਜੋ ਕੁਝ ਭਲਾ ਕੰਮ ਕਰੇ ਭਾਵੇਂ ਦਾਸ ਹੋਵੇ ਭਾਵੇਂ ਅਜ਼ਾਦ ਸੋ ਪ੍ਰਭੁ ਕੋਲੋਂ ਉਹ ਦਾ ਫਲ ਪਾਵੇਗਾ।’ ਅਫ਼ਸੀਆਂ 6:5–8

ਕੁਲੁੱਸੀਆਂ 3:22–24 ਵੀ ਵੇਖੋ।

ਮਾਲਕਾਂ ਤੇ ਮਾਲਕਣਾਂ ਲਈ

‘ਅਤੇ ਹੇ ਮਾਲਕੋ, ਤੁਸੀਂ ਧਮਕੀਆਂ ਛੱਡ ਕੇ ਓਹਨਾਂ ਨਾਲ ਉਹੋ ਜਿਹਾ ਵਰਤਾਰਾ ਕਰੋ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਸੁਰਗ ਵਿੱਚ ਓਹਨਾਂ ਦਾ ਅਤੇ ਤੁਹਾਡਾ ਦੋਹਾਂ ਦਾ ਮਾਲਕ ਹੈ ਅਤੇ ਉਹ ਦੀ ਦਰਗਾਹੇ ਕਿਸੇ ਦਾ ਪੱਖਪਾਤ ਨਹੀਂ ਹੁੰਦਾ।’ ਅਫ਼ਸੀਆਂ 6:9

‘ਹੇ ਮਾਲਕੋ, ਤੁਸੀਂ ਆਪਣਿਆਂ ਨੌਕਰਾਂ ਨਾਲ ਇਹੋ ਜਿਹਾ ਵਰਤਾਰਾ ਕਰੋ ਜਿਹੜਾ ਐਨ ਠੀਕ ਅਤੇ ਜਥਾਰਥ ਹੈ ਕਿਉਂ ਜੋ ਤੁਸੀਂ ਜਾਣਦੇ ਹੋ ਭਈ ਸੁਰਗ ਵਿੱਚ ਤੁਹਾਡਾ ਵੀ ਇੱਕ ਮਾਲਕ ਹੈ।’ ਕੁਲੁੱਸੀਆਂ 4:1

ਆਮ ਨੌਜਵਾਨਾਂ ਲਈ।

‘ਇਸੇ ਤਰਾਂ ਹੇ ਜੁਆਨੋ, ਬਜ਼ੁਰਗਾਂ ਦੇ ਅਧੀਨ ਹੋਵੋ, ਸਗੋਂ ਤੁਸੀਂ ਸੱਭੇ ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ, ਇਸ ਲਈ ਜੋ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ। ਸੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ।’ 1 ਪਤਰਸ 5:5–6

ਵਿਧਵਾਵਾਂ ਲਈ

‘ਜਿਹੜੀ ਸੱਚ ਮੁੱਚ ਵਿਧਵਾ ਅਤੇ ਇਕੱਲੀ ਕਾਰੀ ਹੈ ਉਹ ਨੇ ਪਰਮੇਸ਼ੁਰ ਉੱਤੇ ਆਸ ਰੱਖੀ ਹੋਈ ਹੈ ਅਤੇ ਰਾਤ ਦਿਨ ਬੇਨਤੀਆਂ ਅਤੇ ਪ੍ਰਾਰਥਨਾਂ ਵਿੱਚ ਲੱਗੀ ਰਹਿੰਦੀ ਹੈ। ਪਰ ਜਿਹੜੀ ਗੁਲਛੱਰੇ ਉੱਡਾਉਂਦੀ ਹੈ ਉਹ ਤਾਂ ਜੀਉਂਦੀ ਹੀ ਮੋਈ ਹੋਈ ਹੈ।’ 1 ਤਿਮੋਥਿਉਸ 5:5–6

ਸਾਰੇ ਆਮ ਲੋਕਾਂ ਲਈ

‘ਇੱਕ ਦੂਏ ਨਾਲ ਪਿਆਰ ਕਰਨ ਤੋਂ ਬਿਨਾ ਕਿਸੇ ਦੇ ਕਰਜ਼ਦਾਰ ਨਾ ਰਹੋ ਕਿਉਂਕਿ ਜਿਹੜਾ ਦੂਏ ਦੇ ਨਾਲ ਪਿਆਰ ਕਰਦਾ ਹੈ ਉਹ ਨੇ ਸ਼ਰਾ ਨੂੰ ਪੂਰਿਆਂ ਕੀਤਾ ਹੈ। ਏਹ, ਭਈ ਜ਼ਨਾਹ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲੋਭ ਨਾ ਕਰ ਅਤੇ ਜੇ ਕੋਈ ਹੋਰ ਹੁਕਮ ਭੀ ਹੋਵੇ ਤਾਂ ਸਭਨਾਂ ਦਾ ਤਾਤਪਰਜ ਐੱਨੀ ਗੱਲ ਵਿੱਚ ਹੈ ਭਈ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।’ ਰੋਮੀਆਂ 13:8–9

‘ਸੋ ਮੈਂ ਸਭ ਤੋਂ ਪਹਿਲਾਂ ਇਹ ਤਗੀਦ ਕਰਦਾ ਹਾਂ ਜੋ ਬੇਨਤੀਆਂ, ਪ੍ਰਾਰਥਨਾਂ, ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਨ।’ 1 ਤਿਮੋਥਿਉਸ 2:1

ਹਰੇਕ ਵਿਅਕਤੀ ਆਪਣਾ ਪਾਠ ਬਹੁਤ ਧਿਆਨ ਨਾਲ ਸਿੱਖੇ,
ਅਤੇ ਪੂਰੀ ਤਰ੍ਹਾਂ ਖੁਸ਼ਹਾਲ ਰਹਿਣ।